ਚੰਡੀਗੜ੍ਹ, 10 ਅਕਤੂਬਰ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮੁਲਜ਼ਮ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਜਸਟਿਸ ਮਹਾਬੀਰ ਸਿੰਘ ਸਿੰਧੂ ਦੇ ਬੈਂਚ ਨੇ ਚਾਹਲ ਵੱਲੋਂ ਜ਼ਮਾਨਤ ਦੀ ਅਰਜ਼ੀ ‘ਚ ਦਿੱਤੀ ਵਡੇਰੀ ਉਮਰ ਹੋਣ ਦੀ ਦਲੀਲ ਨੂੰ ਦਰਕਿਨਾਰ ਕਰ ਦਿੱਤਾ ਅਤੇ ਆਖਿਆ ਕਿ ਕਥਿਤ ਅਸਾਸਿਆਂ ਦੇ ਸਰੋਤਾਂ ਦਾ ਪਤਾ ਕਰਨ ਅਤੇ ਨਿਰਪੱਖ ਜਾਂਚ ਲਈ ਚਾਹਲ ਨੂੰ ਹਿਰਾਸਤ ‘ਚ ਲੈ ਕੇ ਪੁੱਛ ਪੜਤਾਲ ਕਰਨ ਦੀ ਲੋੜ ਹੈ। ਚਾਹਲ ਨੇ 1 ਅਪ੍ਰੈਲ 2017 ਤੋਂ 31 ਅਗਸਤ 2021 ਤੱਕ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕੀਤਾ ਸੀ। ਚਾਹਲ ਵੱਲੋਂ ਅਹੁਦਾ ਛੱਡਣ ਦੇ ਦੋ ਸਾਲ ਬਾਅਦ 2 ਅਗਸਤ 2023 ਨੂੰ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ।