#PUNJAB

ਹਾਈ ਕੋਰਟ ਵੱਲੋਂ ਅੰਮ੍ਰਿਤਪਾਲ ਬਾਰੇ ਪਟੀਸ਼ਨ ਖਾਰਜ

-ਅੰਮ੍ਰਿਤਪਾਲ ਦੇ ਗ੍ਰਿਫ਼ਤਾਰ ਸਾਥੀਆਂ ਦੇ ਪਰਿਵਾਰਾਂ ਵੱਲੋਂ ਦਰਜ ਪਟੀਸ਼ਨਾਂ ‘ਤੇ ਸੁਣਵਾਈ 1 ਮਈ ਨੂੰ
ਚੰਡੀਗੜ੍ਹ, 25 ਅਪ੍ਰੈਲ (ਪੰਜਾਬ ਮੇਲ)- ਅੰਮ੍ਰਿਤਪਾਲ ਸਿੰਘ ਦੀ ਮੋਗਾ ਦੇ ਰੋਡੇ ਪਿੰਡ ‘ਚੋਂ ਗ੍ਰਿਫ਼ਤਾਰੀ ਤੋਂ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਦੇ ਪੁਲਿਸ ਦੀ ‘ਗੈਰਕਾਨੂੰਨੀ ਹਿਰਾਸਤ’ ਵਿਚ ਹੋਣ ਦਾ ਦਾਅਵਾ ਕਰਦੀ ਪਟੀਸ਼ਨ ‘ਅਰਥਹੀਣ’ ਦੱਸ ਕੇ ਖਾਰਜ ਕਰ ਦਿੱਤੀ ਹੈ। ਅੰਮ੍ਰਿਤਪਾਲ ਦੇ ਕਾਨੂੰਨੀ ਸਲਾਹਕਾਰ ਈਮਾਨ ਸਿੰਘ ਖਾਰਾ ਤੇ ਉਸ ਦੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਨੇ 19 ਮਾਰਚ ਨੂੰ ਹਾਈ ਕੋਰਟ ਵਿਚ ਹੈਬੀਅਸ ਕੋਰਪਸ ਪਟੀਸ਼ਨ ਦਾਖਲ ਕਰਦਿਆਂ ਸਿੰਘ ਨੂੰ ਕੋਰਟ ਵਿਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਹਾਲਾਂਕਿ ਪਿਛਲੀਆਂ ਸੁਣਵਾਈਆਂ ਦੌਰਾਨ ਦਾਅਵਾ ਕਰਦੀ ਰਹੀ ਹੈ ਕਿ ਅੰਮ੍ਰਿਤਪਾਲ ਨਾ ਤਾਂ ਉਨ੍ਹਾਂ ਦੀ ਹਿਰਾਸਤ ‘ਚ ਹੈ ਤੇ ਨਾ ਹੀ ਉਨ੍ਹਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਸਵੇਰੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿਚ ਗੁਰਦੁਆਰੇ ਦੇ ਬਾਹਰੋਂ ਗ੍ਰਿਫਤਾਰ ਕੀਤਾ ਸੀ। ਖਾਰਾ ਨੇ ਸੁਣਵਾਈ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ (ਐੱਨ.ਐੱਸ.ਏ.) ਤਹਿਤ ਹਿਰਾਸਤ ਵਿਚ ਲੈ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ, ਹਾਈ ਕੋਰਟ ਨੇ ਪਟੀਸ਼ਨ ਨੂੰ ਅਰਥਹੀਣ ਦੱਸ ਕੇ ਖਾਰਜ ਕਰ ਦਿੱਤਾ ਹੈ। ਪੁਲਿਸ ਨੇ ਅੰਮ੍ਰਿਤਪਾਲ ਤੇ ਉਸ ਦੇ ਹਮਾਇਤੀਆਂ ਖਿਲਾਫ਼ 18 ਮਾਰਚ ਨੂੰ ਵੱਡੀ ਕਾਰਵਾਈ ਵਿੱਢੀ ਸੀ। ਅੰਮ੍ਰਿਤਪਾਲ ਹਾਲਾਂਕਿ ਜਲੰਧਰ ਦੇ ਸ਼ਾਹਕੋਟ ਲਾਗੇ ਵਾਹਨਾਂ ਦੀ ਅਦਲਾ-ਬਦਲੀ ਤੇ ਭੇਸ ਵਟਾ ਕੇ ਪੁਲਿਸ ਨੂੰ ਝਕਾਨੀ ਦੇਣ ਵਿਚ ਸਫ਼ਲ ਰਿਹਾ ਸੀ। ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਖਿਲਾਫ਼ ਇਰਾਦਾ ਕਤਲ, ਪੁਲਿਸ ਅਮਲੇ ‘ਤੇ ਹਮਲਾ ਤੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਹੋਰ ਕਈ ਧਾਰਾਵਾਂ ਤਹਿਤ ਫੌਜਦਾਰੀ ਕੇਸ ਦਰਜ ਕੀਤੇ ਗਏ ਸਨ। ਜਸਟਿਸ ਐੱਨ.ਐੱਸ. ਸ਼ੇਖਾਵਤ ਨੇ ਅੰਮ੍ਰਿਤਪਾਲ ਸਿੰਘ ਦੇ ਸਹਾਇਕਾਂ- ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ, ਕੁਲਵੰਤ ਸਿੰਘ, ਵਰਿੰਦਰ ਸਿੰਘ ਫੌਜੀ, ਭਗਵੰਤ ਸਿੰਘ, ਪ੍ਰਧਾਨਮੰਤਰੀ ਬਾਜੇਕੇ ਤੇ ਬਸੰਤ ਸਿੰਘ ਵੱਲੋਂ ਦਾਇਰ ਪਟੀਸ਼ਨਾਂ ‘ਤੇ ਅਗਲੀ ਸੁਣਵਾਈ 1 ਮਈ ਲਈ ਨਿਰਧਾਰਿਤ ਕੀਤੀ ਸੀ। ਐੱਨ.ਐੱਸ.ਏ. ਤਹਿਤ ਹਿਰਾਸਤ ‘ਚ ਲਏ ਗਏ ਇਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਨੇ ਹਿਰਾਸਤੀ ਹੁਕਮਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਕਲਸੀ ਦੀ ਪਤਨੀ ਵੱਲੋਂ ਪੇਸ਼ ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹ ਹੁਣ ਸੋਧੀ ਹੋਈ ਪਟੀਸ਼ਨ ਦਾਖ਼ਲ ਕਰਨਾ ਚਾਹੁੰਦੇ ਹਨ। ਪਿਛਲੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਦਲਜੀਤ ਸਿੰਘ ਕਲਸੀ, ਜੋ ਅੰਮ੍ਰਿਤਪਾਲ ਦੇ ਕਾਫ਼ੀ ਕਰੀਬ ਹੈ, ਉਸ ਦੀ ਕੱਟੜਵਾਦੀ ਵਿਚਾਰਧਾਰਾ ਦੇ ਪ੍ਰਸਾਰ ਪਾਸਾਰ ਵਿਚ ਮਦਦ ਕਰ ਰਿਹਾ ਸੀ ਤੇ ਵੱਖਰੇ ‘ਖਾਲਿਸਤਾਨ’ ਰਾਜ ਦੀ ਮੰਗ ਲਈ ਸਰਕਾਰ ਖਿਲਾਫ਼ ਜੰਗ ਛੇੜਨ ਲਈ ਪਿੱਠ ਥਾਪੜ ਰਿਹਾ ਸੀ। ਸਰਕਾਰ ਨੇ ਕੋਰਟ ਨੂੰ ਇਹ ਵੀ ਦੱਸਿਆ ਸੀ ਕਿ ਸਰਬਜੀਤ ਸਿੰਘ ਕਲਸੀ ਉਰਫ਼ ਦਲਜੀਤ ਸਿੰਘ ਕਲਸੀ ਨੂੰ ਢੁੱਕਵੀਂ ਕਾਨੂੰਨੀ ਕਾਰਵਾਈ ਮਗਰੋਂ ਹੀ ਐੱਨ.ਐੱਸ.ਏ. ਤਹਿਤ ਹਿਰਾਸਤ ‘ਚ ਲਿਆ ਗਿਆ ਹੈ।

Leave a comment