#PUNJAB

ਹਸਪਤਾਲ ਵਿਚ ਅੱਗ ਲੱਗਣ ਨਾਲ ਸੱਤ ਨਵਜੰਮਿਆਂ ਦੀ ਮੌਤ

ਨਵੀਂ ਦਿੱਲੀ,  26 ਮਈ (ਪੰਜਾਬ ਮੇਲ)- ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿਚ ਸ਼ਨਿੱਚਰਵਾਰ ਰਾਤ ਨੂੰ ਬੱਚਿਆਂ ਦੇ ਹਸਪਤਾਲ ਵਿਚ ਅੱਗ ਲੱਗਣ ਕਰਕੇ ਸੱਤ ਨਵਜੰਮਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਪੰਜ ਬੱਚੇ ਦੂਜੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕੀਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁਖ਼ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੇਜਰੀਵਾਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ ਤੇ ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਦਿੱਲੀ ਫਾਇਰ ਸਰਵਸਿਜ਼ (ਡੀਐੱਫਐੱਸ) ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਾਹਦਰਾ ਵਿਚ ਬੱਚਿਆਂ ਦੇ ਹਸਪਤਾਲ ਵਿਚ ਅੱਗ ਸ਼ਨਿਚਰਵਾਰ ਰਾਤ ਨੂੰ ਲੱਗੀ ਸੀ। ਡੀਐੱਫਐੱਸ ਮੁਖੀ ਅਤੁਲ ਗਰਗ ਨੇ ਕਿਹਾ ਕਿ ਮੈਡੀਕਲ ਸਟਾਫ ਤੇ ਲੋਕਾਂ ਦੀ ਮਦਦ ਨਾਲ 12 ਨਵਜੰਮਿਆਂ ਨੂੰ ਬਾਹਰ ਕੱਢਿਆ ਗਿਆ, ਪਰ ਇਨ੍ਹਾਂ ਵਿਚੋਂ ਸੱਤ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੰਜ ਬੱਚੇ ਦੂਜੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਬੇਬੀ ਕੇਅਰ ਨਿਊ ਬੌਰਨ ਹਸਪਤਾਲ ਤੇ ਇਸ ਦੇ ਨਾਲ ਲੱਗਦੀ ਇਮਾਰਤ ਵਿਚ ਸ਼ਨਿੱਚਰਵਾਰ ਰਾਤ 11:30 ਵਜੇ ਦੇ ਕਰੀਬ ਅੱਗ ਲੱਗੀ। ਹੋਰਨਾਂ ਲੋਕਾਂ ਦੀ ਮਦਦ ਨਾਲ ਨਵਜੰਮਿਆਂ ਨੂੰ ਬਾਹਰ ਕੱਢ ਕੇ ਦੂਜੇ ਹਸਪਤਾਲ ਵਿਚ ਤਬਦੀਲ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਛੇ ਨਵਜੰਮਿਆਂ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ ਗਿਆ ਜਦੋਂ ਕਿ ਇਕ ਬੱਚਾ ਇਲਾਜ ਦੌਰਾਨ ਦਮ ਤੋੜ ਗਿਆ। ਨਵਜੰਮਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਜੀਟੀਬੀ ਹਸਪਤਾਲ ਤਬਦੀਲ ਕਰ ਦਿੱਤੀਆਂ ਹਨ। ਪੁਲੀਸ ਨੇ ਹਸਪਤਾਲ ਦੇ ਮਾਲਕ ਨਵੀਨ ਕਿਚੀ ਖਿਲਾਫ਼ ਕਾਰਵਾਈ ਵਿੱਢ ਦਿੱਤੀ ਹੈ।