ਲੁਧਿਆਣਾ, 23 ਦਸੰਬਰ (ਪੰਜਾਬ ਮੇਲ)- ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਰਾਜੀਵ ਗਾਂਧੀ ਭਵਨ, ਨਵੀਂ ਦਿੱਲੀ ਵਿਖੇ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵਿਪਿਨ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਹਲਵਾਰਾ ਹਵਾਈ ਅੱਡੇ ਲਈ ਸੰਭਾਵਿਤ ਸੰਚਾਲਨ ਮਿਤੀ ਬਾਰੇ ਚਰਚਾ ਕੀਤੀ।
ਐੱਮ.ਪੀ. ਅਰੋੜਾ ਨੇ ਏਅਰਪੋਰਟ ਕੋਡ ਜਾਰੀ ਕਰਨ ਅਤੇ ਸੰਚਾਲਨ ਦੀ ਮਿਤੀ ਦੀ ਪੁਸ਼ਟੀ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਕਿਉਂਕਿ ਇਹ ਕਦਮ ਏਅਰਲਾਈਨਾਂ ਲਈ ਐੱਮ.ਓ.ਸੀ.ਏ. (ਮਿਨਿਸਟਰੀ ਆਫ ਸਿਵਲ ਐਵੀਏਸ਼ਨ) ਕੋਲ ਲੋੜੀਂਦਾ ਨੋ-ਅਬਜੈਕਸ਼ਨ ਸਰਟੀਫਿਕੇਟ (ਐੱਨ.ਓ.ਸੀ.) ਦਾਇਰ ਕਰਨ ਅਤੇ ਐੱਮ.ਓ.ਡੀ. (ਮਿਨਿਸਟਰੀ ਆਫ ਡਿਫੈਂਸ) ਤੋਂ ਲੋੜੀਂਦੀ ਇਜਾਜ਼ਤ ਪ੍ਰਾਪਤ ਕਰਨ ‘ਚ ਮਹੱਤਵਪੂਰਨ ਹੈ।
ਇਸ ਦੇ ਜਵਾਬ ‘ਚ ਚੇਅਰਮੈਨ ਵਿਪਨ ਕੁਮਾਰ ਨੇ ਤੁਰੰਤ ਏ.ਏ.ਆਈ. ਦੀ ਸੰਚਾਲਨ ਟੀਮ ਦੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅਰੋੜਾ ਨੇ ਆਈ.ਏ.ਟੀ.ਏ. (ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ) ਨਾਲ ਗੱਲਬਾਤ ਕਰਨ ਲਈ ਏਅਰ ਇੰਡੀਆ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ।
ਚੇਅਰਮੈਨ ਵਿਪਨ ਕੁਮਾਰ ਨੇ ਸੰਸਦ ਮੈਂਬਰ ਅਰੋੜਾ ਨੂੰ ਭਰੋਸਾ ਦਿੱਤਾ ਕਿ ਲੁਧਿਆਣਾ ਤੋਂ ਕਮਰਸ਼ੀਅਲ ਫਲਾਈਟਾਂ ਦਾ ਸੰਚਾਲਨ ਜਲਦੀ ਸ਼ੁਰੂ ਹੋ ਜਾਵੇਗਾ। ਐੱਮ.ਪੀ. ਅਰੋੜਾ ਨੇ ਚੇਅਰਮੈਨ ਨੂੰ ਸੂਬਾ ਸਰਕਾਰ ਵੱਲੋਂ ਹਰ ਪੱਧਰ ‘ਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਅਰੋੜਾ ਨੇ ਦੁਹਰਾਇਆ ਕਿ ਏਅਰਪੋਰਟ ਪ੍ਰਾਜੈਕਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ‘ਡ੍ਰੀਮ ਪ੍ਰਾਜੈਕਟ’ ਹੈ, ਜਿਨ੍ਹਾਂ ਨੇ ਇਸ ਵਾਸਤੇ ਫੰਡ ਮਨਜ਼ੂਰ ਕੀਤੇ ਗਏ ਹਨ।