-ਹਰਿਆਣਾ ਸਰਕਾਰ ਵੱਲੋਂ ਨਿਯਮ ਬਣਾਉਣ ਦੀ ਕਵਾਇਦ ਸ਼ੁਰੂ
ਚੰਡੀਗੜ੍ਹ, 5 ਜੁਲਾਈ (ਪੰਜਾਬ ਮੇਲ)- ਹਰਿਆਣਾ ਸਰਕਾਰ ਜਲਦ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ‘ਚ ਹੈ। ਸਰਕਾਰ ਨੇ ਇਸ ਲਈ ਨਿਯਮ ਬਣਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਕੈਬਨਿਟ ਨੇ ਮੰਗਲਵਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ (ਵਾਰਡਾਂ ਦੀ ਹੱਦਬੰਦੀ ਅਤੇ ਚੋਣ) ਨਿਯਮ, 2023 ਦੇ ਨਿਰਮਾਣ ਸਬੰਧੀ ਪ੍ਰਸਤਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਪ੍ਰੈੱਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਪਿਛਲੇ ਸਾਲ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ਦੀ ਸੰਵਿਧਾਨਕ ਵੈਧਤਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਹਰਿਆਣਾ ‘ਚ ਗੁਰਦੁਆਰਿਆਂ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਇਕ ਵੱਖਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ, ਹਰਿਆਣਾ ਸਰਕਾਰ ਨੇ ਇਕ ਐਡਹਾਕ ਗੁਰਦੁਆਰਾ ਕਮੇਟੀ-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਐੱਚ.ਐੱਸ.ਜੀ.ਐੱਮ.ਸੀ. ਦਾ ਕਾਰਜਕਾਲ 18 ਮਹੀਨਿਆਂ ‘ਚ ਖ਼ਤਮ ਹੋ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐੱਚ.ਐੱਸ.ਜੀ.ਐੱਮ.ਸੀ. ਦੇ ਮੈਂਬਰਾਂ ਨੂੰ ਚੁਣਨ ਲਈ ਹਰਿਆਣਾ ‘ਚ ਗੁਰਦੁਆਰਿਆਂ ਦੀ ਚੋਣ ਕਰਵਾਉਣੀ ਜ਼ਰੂਰੀ ਹੈ ਤੇ ਇਸ ਉਦੇਸ਼ ਲਈ ਨਿਯਮ ਬਣਾਏ ਜਾਣ ਦੀ ਲੋੜ ਹੈ।