#PUNJAB

ਸੱਭਿਆਚਾਰਕ ਸੱਥ ਪੰਜਾਬ ਵਲੋਂ ਮਕਬੂਲ ਲੋਕ ਗਾਇਕ ਜਸਬੀਰ ਜੱਸੀ ਗੁਰਦਾਸਪੁਰੀਆ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 18 ਫਰਵਰੀ (ਪੰਜਾਬ ਮੇਲ)- ਪਿਛਲੇ ਦਿਨੀਂ ਸੱਭਿਆਚਾਰਕ ਸੱਥ ਪੰਜਾਬ ਵਲੋਂ ਚੇਅਰਮੈਨ ਸ. ਜਸਮੇਰ ਸਿੰਘ ਢੱਟ ਤੇ ਰੇਡੀਓ ਪੰਜਾਬੀ ਲਹਿਰਾਂ ਟੋਰਾਂਟੋ ਦੇ ਬਾਨੀ, ਸਰਦਾਰ ਸਤਵਿੰਦਰਪਾਲ ਸਿੱਧਵਾਂ ਨੇ ਲੋਕ ਗਾਇਕ ਤੇ ਅਦਾਕਾਰ ਜੱਸੀ ਜਸਬੀਰ ਗੁਰਦਾਸਪੁਰੀਆ ਦਾ ਵਿਸ਼ੇਸ਼ ਸਨਮਾਨ ਕੀਤਾ। ਜਸਬੀਰ ਜੱਸੀ ਵਲੋਂ ਸੱਭਿਆਚਾਰਕ ਦੂਤ ਵਜੋਂ ਦੁਨੀਆਂ ਭਰ ਵਿਚ ਪੰਜਾਬੀ ਲੋਕ ਸੰਗੀਤ ਨੂੰ ਪ੍ਰਮੋਟ ਕਰਨ ਹਿਤ ਪਾਏ ਯੋਗਦਾਨ ਬਦਲੇ ਇਹ ਸਨਮਾਨ ਕੀਤਾ ਗਿਆ, ਜਿਸ ਵਿਚ ਇਕ ਖੂਬਸੂਰਤ ਫੁੱਲਕਾਰੀ ਅਤੇ ਟਰਾਫ਼ੀ ਭੇਟ ਕੀਤੀ ਗਈ। ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਰਦਾਰ ਜਸਮੇਰ ਸਿੰਘ ਢੱਟ ਨੇ ਕਿਹਾ ਕਿ ਜੱਸੀ ਜਸਬੀਰ ਨੇ ਰਵਾਇਤੀ ਲੋਕ ਗਾਇਕੀ ਨੂੰ ਪੌਪ ਦੀ ਪੁੱਠ ਵਿਚ ਢਾਲ ਕੇ ਸੰਗੀਤ ਨੂੰ ਨਵੀਂ ਪਹਿਚਾਣ ਦਿੱਤੀ ਹੈ। ਲੋਕ ਰੰਗ ਦੇ ਇਲਾਵਾ ਸੂਫ਼ੀ ਗਾਇਕੀ ਵਿਚ ਵੀ ਜੱਸੀ ਦਾ ਕੋਈ ਸਾਨੀ ਨਹੀਂ ਹੈ। ਬਾਲੀਵੁੱਡ ਦੀ ਫ਼ਿਲਮ ”ਪਟਿਆਲਾ ਹਾਊਸ” ਦੇ ਮਸ਼ਹੂਰ ਗੀਤ ‘ਲੌਂਗ ਦਾ ਲਿਸ਼ਕਾਰਾ’ ਨੇ ਜੱਸੀ ਨੂੰ ਜਿਥੇ ਦੁਨੀਆਂ ਭਰ ਵਿਚ ਹੋਰ ਵੀ ਮਸ਼ਹੂਰ ਕਰ ਦਿੱਤਾ ਹੈ, ਉਥੇ ਬਾਲੀਵੁੱਡ ਵਿਚ ਵੀ ਜੱਸੀ ਦੀ ਡਿਮਾਂਡ ਹੋਰ ਵੱਧ ਗਈ ਹੈ। ਜੱਸੀ ਨੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਗਾਇਕੀ ਦੇ ਅਸਮਾਨ ਵਿਚ ਧਰੂੰ ਤਾਰੇ ਵਾਂਗ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੋਇਆ ਹੈ।
ਉੱਘੇ ਕਵੀਸ਼ਰ ਸਤਿੰਦਰਪਾਲ ਸਿੱਧਵਾਂ ਨੇ ਕਿਹਾ ਕਿ ਜਸਬੀਰ ਜੱਸੀ ਨੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਪੰਜਾਬੀਆਂ ਦੇ ਦਿਲਾਂ ਅੰਦਰ ਵਿਸ਼ੇਸ ਸਥਾਨ ਬਣਾਇਆ ਹੋਇਆ ਹੈ, ਜਿਸ ਕਰਕੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਜੱਸੀ ਜਸਬੀਰ ਦੇ ਸ਼ੋਆਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਜੱਸੀ ਪੰਜਾਬ ਦਾ ਇਕੋ ਇਕ ਲੋਕ ਗਾਇਕ ਹੈ, ਜੋ ਪੰਜਾਬ ਵਾਂਗ ਭਾਰਤ ਦੇ ਦੂਸਰੇ ਸੂਬਿਆਂ ਵਿਚ ਵੀ ਇੰਨਾ ਹੀ ਪਾਪੂਲਰ ਹੈ, ਇਸੇ ਕਰਕੇ ਪੰਜਾਬ ਦੇ ਨਵੇਂ ਪੁਰਾਣੇ ਸਾਰੇ ਗਾਇਕ ਜੱਸੀ ਨੂੰ ਪੂਰਾ ਮਾਣ-ਸਤਿਕਾਰ ਦਿੰਦੇ ਹਨ। ਜਸਬੀਰ ਜੱਸੀ ਸਮਾਗਮ ਤੋਂ ਪਹਿਲਾਂ ਸ. ਜਸਮੇਰ ਸਿੰਘ ਢੱਟ ਦੇ ਗ੍ਰਹਿ ਵਿਖੇ ਵੀ ਪਧਾਰੇ, ਜਿਥੇ ਲੋਕ ਕਲਾਵਾਂ ਦੇ ਮਾਹਰ ਡਾ. ਦਵਿੰਦਰ ਕੌਰ ਢੱਟ ਨੇ ਫੁੱਲਾਂ ਦੇ ਗੁਲਦਸਤੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਜੱਸੀ ਨੇ ਮੈਡਮ ਢੱਟ ਦੁਆਰਾ ਹੱਥੀਂ ਬਣਾਈਆਂ ਖੂਬਸੂਰਤ ਗੁੱਡੀਆਂ ਪਟੋਲਿਆਂ ਦੀ ਰਜਵੀਂ ਪ੍ਰਸ਼ੰਸਾ ਵੀ ਕੀਤੀ। ਇਸ ਸਮੇਂ ਜਸਬੀਰ ਜੱਸੀ ਨੇ ਸੱਭਿਆਚਾਰਕ ਸੱਥ ਦਾ ਧੰਨਵਾਦ ਕਰਦਿਆਂ ਜਸਮੇਰ ਸਿੰਘ ਢੱਟ ਦੀ ਅਗਵਾਈ ਵਿਚ ”ਮਿਸ ਵਰਲਡ ਪੰਜਾਬਣ” ਮੁਕਾਬਲਿਆਂ ਰਾਹੀਂ ਪੰਜਾਬੀ ਮੁਟਿਆਰਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਮੁਬਾਰਕਬਾਦ ਦਿੱਤੀ। ਇਸ ਸਮੇਂ ਜੱਸੀ ਜਸਬੀਰ ਨੇ ਆਪਣੇ ਕੁਝ ਚਰਚਿੱਤ ਗੀਤਾਂ ਦੇ ਮੁੱਖੜੇ ਸੁਣਾ ਕੇ ਵਾਹਵਾ ਖੱਟੀ। ਹਾਜ਼ਰੀਨ ਦੀ ਫਰਮਾਇਸ਼ ‘ਤੇ ਸ. ਸਤਿੰਦਰਪਾਲ ਸਿੱਧਵਾਂ ਨੇ ਪੂਰਨ-ਲੂਣਾਂ ਦਾ ਕਿੱਸਾ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਪ੍ਰੋ. ਨਿਰਮਲ ਜੌੜਾ ਡਾਇਰੈਕਟਰ, ਯੁਵਕ ਭਿਲਾਈ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੁੱਝ ਸਮੇਂ ਲਈ ਹਾਜ਼ਰ ਹੋਏ ਅਤੇ ਸਾਰਿਆਂ ਨੂੰ ਮਿਲਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਗਾਇਕ ਬਲਬੀਰ ਸੂਫ਼ੀ। ਗਾਇਕ ਤੇ ਵੀਡੀਓ ਡਾਇਰੈਕਟਰ ਰਬਿੰਦਰ ਰੰਗੂਵਾਲ, ਐਡਮਿੰਟਨ ਕੈਨੇਡਾ ਤੋਂ ਵਤਨਜੀਤ ਗਰੇਵਾਲ, ਪਰਮਵੀਰ ਸਿੰਘ, ਮੈਨੇਜਰ ਸ਼੍ਰੀ ਆਸ਼ੀਸ, ਜਗਜੀਤ ਸਿੰਘ ਲੋਹਟਬੱਦੀ, ਗਾਇਕ ਵਤਨਜੀਤ ਸਿੰਘ, ਕਰਮਜੀਤ ਢੱਟ, ਅਮਰਜੀਤ ਸਿੱਧੂ ਅਤੇ ਜਤਿੰਦਰਪਾਲ ਹੈਪੀ ਆਦਿ ਸਖਸ਼ੀਅਤਾਂ ਹਾਜ਼ਰ ਸਨ।