ਮਲੋਟ, 7 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨ ਲੜਕੇ-ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸੰਨੀ ਓਬਰਾਏ ਸਵੈ ਰੋਜ਼ਗਾਰ ਸਕੀਮ ਤਹਿਤ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਮੁਫ਼ਤ ਸਿਖਲਾਈ ਸੈਂਟਰ (ਸਿਲਾਈ, ਕੰਪਿਊਟਰ, ਬਿਊਟੀ ਪਾਰਲਰ) ਖੋਲ੍ਹੇ ਜਾ ਰਹੇ ਹਨ, ਤਾਂ ਜੋ ਇਹ ਤਕਨੀਕੀ ਸਿੱਖਿਆ ਲੈ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਆਪਣੇ ਪਰਿਵਾਰਾਂ ਦਾ ਵਧੀਆ ਢੰਗ ਨਾਲ ਪਾਲਣ-ਪੋਸ਼ਣ ਕਰ ਸਕਣ। ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ 6 ਮੁਫ਼ਤ ਸਿਖਲਾਈ ਸੈਂਟਰ ਚੱਲ ਰਹੇ ਹਨ। ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ ਨੇ ਦੱਸਿਆ ਕਿ ਪਿੰਡ ਮਲੋਟ ਦੇ ਗੁਰਦੁਆਰਾ ਸਾਹਿਬ ਵਿਖੇ 6 ਮਹੀਨੇ ਦਾ ਮੁਫ਼ਤ ਸਿਖਲਾਈ ਸੈਂਟਰ ਖੋਲ੍ਹਿਆ ਗਿਆ ਸੀ, ਪਾਸ ਹੋਏ ਸਿਖਿਆਰਥੀਆਂ ਨੂੰ ਮੈਡਮ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਦੀ ਰਹਿਨੁਮਾਈ ਹੇਠ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸਿਲਾਈ ਦੀ ਮੁਫ਼ਤ ਤਕਨੀਕੀ ਸਿੱਖਿਆ ਲੈਣ ਉਪਰੰਤ ਸਿਖਿਆਰਥੀਆਂ ਵੱਲੋਂ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਇਸ ਉਪਰਾਲੇ ਨਾਲ ਅਸੀਂ ਆਪਣਾ ਵਧੀਆ ਰੁਜ਼ਗਾਰ ਚਲਾਉਣ ਦੇ ਕਾਬਲ ਹੋ ਗਏ ਹਾਂ। ਇਸ ਮੌਕੇ ਸੋਮ ਨਾਥ ਜਲਹੋਤਰਾ, ਬਲਜੀਤ ਸਿੰਘ ਮਾਨ (ਸ੍ਰੀ ਮੁਕਤਸਰ ਸਾਹਿਬ), ਸੋਹਣ ਲਾਲ ਗੂੰਬਰ ਇਕਾਈ ਮਲੋਟ ਅਤੇ ਸਿਲਾਈ ਅਧਿਆਪਕ ਮਲੋਟ ਹਾਜ਼ਰ ਸਨ।
ਸੰਨੀ ਓਬਰਾਏ ਸਵੈ ਰੋਜ਼ਗਾਰ ਸਕੀਮ ਤਹਿਤ ਸਿਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਦਿੱਤੇ ਸਰਟੀਫਿਕੇਟ

