ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਦਿੱਲੀ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਸੰਘਣੀ ਧੁੰਦ ਕਾਰਨ ਘੱਟੋ-ਘੱਟ 129 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਕ ਅਧਿਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸੰਘਣੀ ਧੁੰਦ ਕਾਰਨ ਦਿੱਲੀ ਅਤੇ ਹੋਰਨਾਂ ਹਵਾਈ ਅੱਡਿਆਂ ‘ਤੇ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ 66 ਉਡਾਣਾਂ ਦੀ ਆਮਦ (arrivals) ਅਤੇ 63 ਉਡਾਣਾਂ ਦੀ ਰਵਾਨਗੀ (departures) ਨੂੰ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਸੰਸਥਾ DIAL ਨੇ ਦੁਪਹਿਰ ਸਮੇਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇਕ ਪੋਸਟ ਵਿੱਚ ਕਿਹਾ ਕਿ ਦਿੱਲੀ ਹਵਾਈ ਅੱਡੇ ‘ਤੇ ਇਸ ਵੇਲੇ ‘ਲੋਅ ਵਿਜ਼ੀਬਿਲਟੀ ਪ੍ਰੋਸੀਜ਼ਰ’ (ਘੱਟ ਦ੍ਰਿਸ਼ਟੀ ਪ੍ਰਕਿਰਿਆਵਾਂ) ਚੱਲ ਰਹੀਆਂ ਹਨ ਅਤੇ ਬਾਕੀ ਸਾਰੇ ਉਡਾਣ ਸੰਚਾਲਨ ਆਮ ਵਾਂਗ ਹਨ। ਇਸ ਤੋਂ ਪਹਿਲਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਸ਼ਨਿਚਰਵਾਰ ਨੂੰ ਸੰਘਣੀ ਧੁੰਦ ਦੇ ਮੱਦੇਨਜ਼ਰ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਘੱਟ ਦਿਸਣਹੱਦ ਦੇ ਬਾਵਜੂਦ ਉਡਾਣ ਸੰਚਾਲਨ ਪ੍ਰਕਿਰਿਆ ਆਮ ਵਾਂਗ ਚਲ ਰਹੀ ਹੈ ਪਰ ਉਨ੍ਹਾਂ ਯਾਤਰੀਆਂ ਨੂੰ ਨਵੀਨਤਮ ਉਡਾਣ ਅਪਡੇਟ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਯਾਤਰੀ ਘਰਾਂ ਤੋਂ ਤੁਰਨ ਤੋਂ ਪਹਿਲਾਂ ਉਡਾਣਾਂ ਦੀ ਸਥਿਤੀ ਜ਼ਰੂਰ ਦੇਖ ਲੈਣ।
ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 129 ਉਡਾਣਾਂ ਰੱਦ

