-ਕਸ਼ਮੀਰ ਦੇ ਕਈ ਹਿੱਸਿਆਂ ‘ਚ ਗਰਮ ਹਵਾਵਾਂ ਚੱਲੀਆਂ
ਸ੍ਰੀਨਗਰ, 21 ਫਰਵਰੀ (ਪੰਜਾਬ ਮੇਲ)- ਸ੍ਰੀਨਗਰ ‘ਚ ਫਰਵਰੀ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ 21 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਿਕ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਲੂ (ਹੀਟਵੇਵ) ਵਰਗੇ ਹਾਲਾਤ ਬਣੇ ਹੋਏ ਹਨ।
ਵਾਦੀ ਦੇ ਕੁਝ ਮੌਸਮ ਕੇਂਦਰਾਂ ਨੇ ਫਰਵਰੀ ਲਈ ਰਿਕਾਰਡ ਤੋੜ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਦਿਨ ਦਾ ਤਾਪਮਾਨ ਮੌਸਮੀ ਔਸਤ ਨਾਲੋਂ 9.5 ਤੋਂ 10 ਡਿਗਰੀ ਸੈਲਸੀਅਸ ਵੱਧ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਵਿਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਸਾਲ ਦੇ ਇਸ ਸਮੇਂ ਦੇ ਆਮ ਤਾਪਮਾਨ ਨਾਲੋਂ 10 ਡਿਗਰੀ ਵੱਧ ਹੈ। ਇਹ ਤਾਪਮਾਨ ਫਰਵਰੀ ਲਈ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ, ਜਿਸ ਨੇ 24 ਫਰਵਰੀ, 2016 ਨੂੰ ਦਰਜ ਕੀਤੇ ਗਏ 20.6 ਡਿਗਰੀ ਸੈਲਸੀਅਸ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਸਥਿਤ ਪ੍ਰਸਿੱਧ ਸਕੀ ਰਿਜ਼ੌਰਟ ਗੁਲਮਰਗ ਵਿਚ ਵੀ ਫਰਵਰੀ ਦਾ ਹੁਣ ਤੱਕ ਦਾ ਸਭ ਤੋਂ ਵੱਧ ਦਿਨ ਦਾ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮੀ ਔਸਤ ਨਾਲੋਂ 9.5 ਡਿਗਰੀ ਵੱਧ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 11 ਫਰਵਰੀ, 1993 ਨੂੰ ਸਭ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਦੱਖਣੀ ਕਸ਼ਮੀਰ ਵਿਚ, ਕੋਕਰਨਾਗ ਵਿਚ ਫਰਵਰੀ ਦਾ ਦੂਜਾ ਸਭ ਤੋਂ ਵੱਧ ਤਾਪਮਾਨ 18.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸਥਾਨ ਲਈ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 18.4 ਡਿਗਰੀ ਸੈਲਸੀਅਸ ਹੈ, ਜੋ 29 ਫਰਵਰੀ, 2016 ਨੂੰ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਛੇ ਦਿਨਾਂ ਦੌਰਾਨ ਕਈ ਇਲਾਕਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਵਿੱਚ 1-2 ਡਿਗਰੀ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
ਸ੍ਰੀਨਗਰ ‘ਚ ਫਰਵਰੀ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ

