ਅੰਮ੍ਰਿਤਸਰ, 24 ਮਈ (ਪੰਜਾਬ ਮੇਲ)- ਸ੍ਰੀ ਦਰਬਾਰ ਸਾਹਿਬ ਵਿਖੇ ਹੁੰਦੀ ਗੁਰਬਾਣੀ ਦੇ ਪ੍ਰਸਾਰਣ ਦੀ ਸੇਵਾ ਕਿਸੇ ਵੀ ਟੀ.ਵੀ. ਚੈਨਲ ਨੂੰ ਇਸ ਵਾਰ ਟੈਂਡਰ ਰਾਹੀਂ ਮਿਲੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਸ੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਦੋਸ਼ ਲਾਇਆ ਸੀ ਕਿ ਅਪਣੇ ਚਹੇਤੇ ਇਕ ਚੈਨਲ ਨੂੰ ਹੀ ਪ੍ਰਸਾਰਣ ਦੀ ਸੇਵਾ ਦਿੱਤੀ ਹੋਈ ਹੈ, ਜਿਸ ਦਾ ਸ੍ਰੋਮਣੀ ਕਮੇਟੀ ਨੇ ਵੀ ਸਖਤ ਮੋੜਵਾਂ ਜਵਾਬ ਦਿੱਤਾ ਸੀ। ਸ੍ਰੋਮਣੀ ਕਮੇਟੀ ਵਲੋਂ ਇਕ ਟੀ.ਵੀ. ਚੈਨਲ ਨਾਲ ਇਸ ਸਬੰਧੀ ਕੀਤਾ ਹੋਇਆ ਸਮਝੌਤਾ ਜੁਲਾਈ ਮਹੀਨੇ ਵਿਚ ਖਤਮ ਹੋ ਰਿਹਾ ਹੈ।
ਇਸ ਮਾਮਲੇ ਬਾਰੇ ਸ੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਕਾਰਜ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਨਿਯਮ ਅਤੇ ਸ਼ਰਤਾਂ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਸਬੰਧੀ ਕੁਝ ਲੋਕਾਂ ਵੱਲੋਂ ਜਾਣ ਬੁਝ ਕੇ ਬੇਲੋੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਵਿਚ ਭਾਗੀ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਅਰਸੇ ਦੌਰਾਨ ਨਿਯਮਾਂ ਤਹਿਤ ਗੁਰਬਾਣੀ ਪ੍ਰਸਾਰਣ ਦੇ ਹੱਕ ਵੱਖ-ਵੱਖ ਚੈਨਲਾਂ ਨੂੰ ਦਿੱਤੇ ਸਨ, ਜਿਸ ਤਹਿਤ ਮੌਜੂਦਾ ਸਮੇਂ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮ. ਨਾਲ ਚੱਲ ਰਿਹਾ ਇਕਰਾਰਨਾਮਾ ਜੁਲਾਈ 2023 ਤੱਕ ਹੈ। ਇਹ ਇਕਰਾਰਨਾਮਾ 24 ਜੁਲਾਈ 2012 ਨੂੰ 11 ਸਾਲ ਲਈ ਹੋਇਆ ਸੀ ਅਤੇ ਹੁਣ ਇਸ ਦੇ ਸਮਾਪਤ ਹੋਣ ‘ਤੇ ਨਵੇਂ ਸਿਰਿਓਂ ਕਾਰਵਾਈ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਕਰਾਰਨਾਮੇ ਤਹਿਤ ਇਸ ਕੰਪਨੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵਿਦਿਆ ਫੰਡ ਲਈ 1 ਕਰੋੜ ਰੁਪਏ ਸਾਲਾਨਾ (10% ਸਾਲਾਨਾ ਵਾਧੇ ਨਾਲ) ਦੇਣਾ ਤੈਅ ਹੋਇਆ ਸੀ, ਜਿਸ ਅਨੁਸਾਰ ਬਣਦੀ ਹੁਣ ਤੱਕ ਦੀ ਸਾਰੀ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ। ਮੁੱਖ ਮੰਤਰੀ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੇਹਦ ਸੰਜੀਦਾ ਹੈ, ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ‘ਤੇ ਰਾਜਨੀਤੀ ਕਰ ਰਹੇ ਹਨ। ਉਹ ਕਦੇ ਸੰਗਤਾਂ ਨੂੰ ਗੋਲਕਾਂ ਵਿਚ ਪੈਸੇ ਪਾਉਣਾ ਬੰਦ ਕਰਨ ਲਈ ਆਖਦੇ ਹਨ ਅਤੇ ਕਦੀ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਸਬੰਧੀ ਦੁਬਿਧਾ ਪੈਦਾ ਕਰਨ ਦਾ ਯਤਨ ਕਰਦੇ ਹਨ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਮੋਹਨ ਸਿੰਘ ਨਾਗੋਕੇ ਅਤੇ ਮੋਹਨ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਇਕੋ ਸਮੇਂ ਜਥੇਦਾਰ ਰਹੇ। ਮੁੱਖ ਮੰਤਰੀ ਮੀਰੀ-ਪੀਰੀ ਦੇ ਸਿੱਖ ਸਿਧਾਂਤ ਤੋਂ ਨਾਵਾਕਿਫ ਹੋਣ ਕਰਕੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ, ‘ਗੁਰਬਾਣੀ ਦੇ ਪ੍ਰਸਾਰਣ ਲਈ ਇਕ ਮਰਿਯਾਦਾ ਬੇਹੱਦ ਲਾਜ਼ਮੀ ਹੈ, ਜਿਸ ਕਰਕੇ ਹਰ ਇਕ ਨੂੰ ਇਸ ਦੇ ਪ੍ਰਸਾਰਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਜਿਹੜਾ ਵੀ ਗੁਰਬਾਣੀ ਪ੍ਰਸਾਰਣ ਦੇ ਹੱਕ ਪ੍ਰਾਪਤ ਕਰੇਗਾ, ਉਸ ਨੂੰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਮਰਿਯਾਦਾ ਅਤੇ ਨਿਯਮਾਂ ਦਾ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਗੁਰਬਾਣੀ ਦਾ ਪ੍ਰਸਾਰਣ ਵਿਸ਼ਵ ਭਰ ‘ਚ ਕਰਨਾ ਯਕੀਨੀ ਬਣਾਉਣਾ ਪਵੇਗਾ। ਦੂਸਰੇ ਪਾਸੇ ਜੇਕਰ ਖੁੱਲ੍ਹੇਆਮ ਗੁਰਬਾਣੀ ਪ੍ਰਸਾਰਣ ਦੀ ਆਗਿਆ ਦੇ ਦਿੱਤੀ ਜਾਵੇ, ਤਾਂ ਮਰਿਯਾਦਾ ਵਿਰੁੱਧ ਕਈ ਮਾਮਲੇ ਉਭਰਨਗੇ, ਖਾਸਕਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵਿਵਾਦ ਪੈਦਾ ਹੋਣਗੇ।’