ਸ੍ਰੀ ਅਨੰਦਪੁਰ ਸਾਹਿਬ, 21 ਨਵੰਬਰ (ਪੰਜਾਬ ਮੇਲ)- ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੀਫ ਖਾਲਸਾ ਦੀਵਾਨ ਵੱਲੋਂ ਕਰਵਾਈ ਜਾ ਰਹੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਤਿੰਨ ਰੋਜ਼ਾ 68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦਾ ਵੀਰਵਾਰ ਨੂੰ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਸਾਰਿਆਂ ਤੋਂ ਪਹਿਲਾਂ ਸਕੂਲ ਕੈਂਪਸ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਵਿੱਦਿਅਕ ਕਾਨਫਰੰਸ ਦੀ ਆਰੰਭਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪਹਿਲੇ ਦਿਨ ਦੇ ਸਮਾਗਮਾਂ ਵਿੱਚ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਜੋ ਪੰਜ ਪਿਆਰਾ ਪਾਰਕ, ਨਵੀਂ ਆਬਾਦੀ, ਭਗਤ ਰਵਿਦਾਸ ਚੌਕ, ਮੁੱਖ ਬਾਜ਼ਾਰ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਰਸਤੇ ਸਾਰੇ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਖਾਲਸਾ ਸਕੂਲ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਬਾਅਦ ਵਿੱਚ ਇਸ ਸਬੰਧੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਇੰਦਰਵੀਰ ਸਿੰਘ ਨਿਝਰ ਨੇ ਦੱਸਿਆ ਕਿ ਪਹਿਲੇ ਦਿਨ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਨੁਮਾਇਸ਼ਾਂ ਦਾ ਉਦਘਾਟਨ ਹੋਵੇਗਾ ਅਤੇ ਫਿਰ ਬੈਂਡ ਤੇ ਗਤਕਾ ਟੀਮਾਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਜਾਣਗੇ। ਰਾਤ ਵੇਲੇ ਇੱਕ ਵਿਸ਼ਾਲ ਨਗਰ ਕੀਰਤਨ ਹੋਵੇਗਾ ਜਿਸ ਵਿੱਚ ਪੰਥ ਦੀਆਂ ਨਾਮੀ ਸ਼ਖਸੀਅਤਾਂ ਸਮੇਤ ਨਾਮੀ ਕੀਰਤਨੀ ਜਥੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨਗੇ।