#PUNJAB

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਆਦੇਸ਼

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਮੇਲ)- ਅੱਜ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਉਪਰੰਤ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ ਹੈ। ਅਸੀਂ ਸਾਰਾ ਮਾਮਲਾ ਅਕਾਲ ਪੁਰਖ ਸਾਹਮਣੇ ਰੱਖਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਮੈਨੂੰ ਅਹੁਦੇ ‘ਤੇ ਬਣੇ ਰਹਿਣ ਦਾ ਆਦੇਸ਼ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਜਿੰਨਾ ਚਿਰ ਅਕਾਲ ਪੁਰਖ ਸੇਵਾ ਲੈ ਰਿਹਾ ਹੈ, ਅਸੀਂ ਸੇਵਾ ਕਰਦੇ ਰਹਾਂਗੇ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਸੇਵਾ ਤਿਆਗ ਦੇਵਾਂਗੇ। ਉਨ੍ਹਾਂ ਕਿਹਾ ਸਿੰਘ ਸਾਹਿਬਾਨਾਂ ਵੱਲੋਂ ਚੁੱਕੀ ਗਈ ਆਵਾਜ਼ ਇਤਿਹਾਸ ਜ਼ਰੂਰ ਸਿਰਜੇਗੀ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਹੋਈ ਤਕਰਾਰ ਨੂੰ ਮੰਦਭਾਗਾ ਵੀ ਆਖਿਆ।
ਇਸ ਦੌਰਾਨ ਉਨ੍ਹਾਂ ਭਾਰਤ-ਕੈਨੇਡਾ ਵਿਵਾਦ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਕੈਨੇਡਾ ‘ਚ ਵਸਦੇ ਸਿੱਖਾਂ ਦਾ ਘਰ ਹੈ। ਸਾਡੇ ਲਈ ਕੈਨੇਡਾ ‘ਚ ਵਸਦੇ ਸਿੱਖ ਕਾਫ਼ੀ ਅਹਿਮ ਹੈ। ਉਨ੍ਹਾਂ ਕਿਹਾ ਕੈਨੇਡਾ ਤੋਂ ਪੰਜਾਬ ਆਉਣ-ਜਾਣ ਲਈ ਸਿੱਖਾਂ ‘ਤੇ ਰੋਕ ਨਹੀਂ ਹੋਣੀ ਚਾਹੀਦੀ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਸ ‘ਚ ਤਾਲਮੇਲ ਰੱਖਣ ਅਤੇ ਇਕ-ਦੂਜੇ ਦਾ ਸਹਿਯੋਗ ਕਰਦੇ ਰਹਿਣ।