ਸੈਕਰਾਮੈਂਟੋ, 6 ਦਸੰਬਰ (ਪੰਜਾਬ ਮੇਲ)- ਸੈਕਰਾਮੈਂਟੋ ਕਾਉਂਟੀ ਵੱਲੋਂ ਇਕ ਆਪ੍ਰੇਸ਼ਨ ਦੌਰਾਨ ਵੱਖ-ਵੱਖ ਸਟੋਰਾਂ ਤੋਂ ਚੋਰੀ ਕਰਨ ਆਏ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ ਵੱਲੋਂ ਪੰਜਾਬ ਮੇਲ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਲਾਕੇ ਵਿਚ ਇਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਤਹਿਤ ਚੋਰੀ ਕਰਨ ਆਏ 285 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਕੁੱਝ ਵੱਡੇ ਸਟੋਰਾਂ ਵਿਚ ਕੀਤੀ ਗਈ, ਜਿਨ੍ਹਾਂ ਵਿਚ ਹੋਮ ਡਿਪੂ, ਵਾਲਮਾਰਟ, ਟਾਰਗੇਟ ਸਮੇਤ ਹੋਰ ਵੀ ਸਟੋਰ ਸ਼ਾਮਲ ਸਨ। ਸ਼ੈਰਿਫ ਵਿਭਾਗ ਵੱਲੋਂ ਆਪ੍ਰੇਸ਼ਨ ਦੌਰਾਨ ਇਨ੍ਹਾਂ ਸਟੋਰਾਂ ਵਿਚ ਚਿੱਟ-ਕੱਪੜੇ ਪੁਲਿਸ ਵਾਲੇ ਤਾਇਨਾਤ ਕੀਤੇ ਗਏ ਸਨ ਅਤੇ ਉਹ ਇਨ੍ਹਾਂ ਸਟੋਰਾਂ ‘ਤੇ ਪੂਰੀ ਨਿਗਾਰਨੀ ਰੱਖ ਰਹੇ ਸਨ। ਮੌਕਾ ਮਿਲਦਿਆਂ ਹੀ ਉਨ੍ਹਾਂ ਨੇ ਵੱਖ-ਵੱਖ ਸਮੇਂ ‘ਤੇ ਇਹ ਚੋਰ ਹਿਰਾਸਤ ਵਿਚ ਲਏ। ਸ਼ੈਰਿਫ ਵਿਭਾਗ ਦੇ ਅੰਕੜਿਆਂ ਅਨੁਸਾਰ 99% ਲੋਕ ਇਕੱਲੇ-ਇਕੱਲੇ ਚੋਰੀ ਕਰਨ ਆਏ ਅਤੇ 1% ਲੋਕ ਗਰੁੱਪਾਂ ‘ਚ ਚੋਰੀਆਂ ਕਰਨ ਆਏ। ਸ਼ੈਰਿਫ ਵਿਭਾਗ ਨੇ ਇਹ ਵੀ ਕਿਹਾ ਕਿ ਇਨ੍ਹਾਂ ਵਿਚ 21% ਲੋਕ ਹੋਮਲੈੱਸ ਸਨ ਅਤੇ 15% ਨਾਬਾਲਗ ਸਨ। ਜਿਮ ਕੂਪਰ ਨੇ ਦੱਸਿਆ ਕਿ 233 ਲੋਕਾਂ ‘ਤੇ ਮਿਸ-ਡਮੀਨਰ ਕੇਸ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਛੁੱਟੀਆਂ ਦੇ ਦਿਨਾਂ ਦੌਰਾਨ ਸਟੋਰਾਂ ‘ਤੇ ਖਾਸ ਨਿਗ੍ਹਾ ਰੱਖੀ ਜਾਵੇਗੀ ਅਤੇ ਚੋਰੀਆਂ ‘ਤੇ ਠੱਲ੍ਹ ਪਾਈ ਜਾਵੇਗੀ। ਸ਼ੈਰਿਫ ਜਿਮ ਕੂਪਰ ਨੇ ਦੱਸਿਆ ਕਿ ਇਸ ਆਪ੍ਰੇਸ਼ਨ ‘ਤੇ 3 ਲੱਖ ਡਾਲਰ ਦੀ ਲਾਗਤ ਆਈ।
ਕੈਲੀਫੋਰਨੀਆ ਦੇ ਕਾਨੂੰਨ ਦੇ ਤਹਿਤ ਜੇ ਚੋਰ 950 ਡਾਲਰ ਤੋਂ ਵੱਧ ਚੋਰੀ ਕਰਦਾ ਹੈ, ਤਾਂ ਹੀ ਉਸ ‘ਤੇ ਕੋਈ ਐਕਸ਼ਨ ਲਿਆ ਜਾ ਸਕਦਾ ਹੈ।
ਸ਼ੈਰਿਫ ਜਿਮ ਕੂਪਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਇਸ ਬਿੱਲ ਵਿਚ ਸੋਧ ਲਿਆਉਣ ਲਈ ਬੈਲਟ ਪੇਪਰ ‘ਤੇ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ, ਤਾਂ ਕਿ ਇਸ ਵਿਚ ਸੁਧਾਰ ਕੀਤਾ ਜਾ ਸਕੇ।