#PUNJAB

ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਕੈਨੇਡਾ ਨੂੰ ਬਾਵਾ ਵੱਲੋਂ ”ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ

-ਇਹ ਵਿਲੱਖਣ ਇਤਿਹਾਸਕ ਪੁਸਤਕ ਪਾਰਲੀਮੈਂਟ ਦੀ ਲਾਇਬ੍ਰੇਰੀ ‘ਚ ਰੱਖਾਂਗੇ : ਧਾਲੀਵਾਲ
– ਰਜਿੰਦਰ ਥਿੰਦ, ਪ੍ਰਿਤਪਾਲ ਸਿੰਘ ਸੋਹੀ, ਉੱਘੇ ਲੇਖਕ ਮੋਹਣ ਗਿੱਲ ਅਤੇ ਚਰਨਜੀਤ ਸਿੰਘ ਨੂੰ ਬਾਵਾ, ਹੈਪੀ, ਦਿਓਲ ਨੇ ਪੁਸਤਕ ਭੇਂਟ ਕੀਤੀ
ਮੁੱਲਾਂਪੁਰ ਦਾਖਾ, 26 ਜੁਲਾਈ (ਪੰਜਾਬ ਮੇਲ)- ਪੰਜ ਵਾਰ ਮੈਂਬਰ ਪਾਰਲੀਮੈਂਟ ਕੈਨੇਡਾ ਬਣੇ ਸੁੱਖ ਧਾਲੀਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਕੈਨੇਡਾ ਦੇ ਪ੍ਰਧਾਨ ਹਰਬੰਤ ਸਿੰਘ ਦਿਓਲ (ਟਰੱਸਟੀ), ਬਿੰਦਰ ਗਰੇਵਾਲ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਸੰਘਾ, ਰਮਨ ਸ਼ਰਮਾ ਨੇ ”ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ। ਇਸ ਤੋਂ ਪਹਿਲਾਂ ਰੇਡੀਓ ਰੈਡ ਐੱਫ.ਐੱਮ. ਦੇ ਸੰਚਾਲਕ ਹਰਜਿੰਦਰ ਸਿੰਘ ਥਿੰਦ ਕਾਲਮ ਨਵੀਸ, ਪ੍ਰੋਫੈਸਰ ਪ੍ਰਿਤਪਾਲ ਸਿੰਘ ਸੋਹੀ, ਉੱਘੇ ਲੇਖਕ ਮੋਹਣ ਗਿੱਲ ਅਤੇ ਚਰਨਜੀਤ ਸਿੰਘ ਲੁਧਿਆਣਾ ਨੂੰ ਉਪਰੋਕਤ ਪੁਸਤਕ ਭੇਂਟ ਕੀਤੀ ਗਈ।
ਇਸ ਸਮੇਂ ਸੁੱਖ ਧਾਲੀਵਾਲ ਨੇ ਕਿਹਾ ਕਿ ਇਹ ਪੁਸਤਕ ਸਾਨੂੰ ਸਾਡੇ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਬਾਰੇ ਗਿਆਨ ਪ੍ਰਦਾਨ ਕਰਦੀ ਹੈ। ਉਨ੍ਹਾਂ ਸ਼੍ਰੀ ਬਾਵਾ, ਪੁਸਤਕ ਦੇ ਲੇਖਕ ਅਨੁਰਾਗ ਸਿੰਘ ਅਤੇ ਫੋਟੋ ਚਿੱਤਰਕਾਰ ਆਰ.ਐੱਮ. ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਕੈਨੇਡਾ ਦੀ ਪਾਰਲੀਮੈਂਟ ਵਿਚ ਰੱਖੀ ਜਾਵੇਗੀ। ਉਨ੍ਹਾਂ ਬਾਵਾ ਨੂੰ ਕਿਹਾ ਕਿ ਸਾਨੂੰ ਹੋਰ ਪੁਸਤਕਾਂ ਭੇਜੋ, ਤਾਂ ਕਿ ਹਰ ਲਾਇਬ੍ਰੇਰੀ ਵਿਚ ਇੱਕ ਪੁਸਤਕ ਜਾਵੇ। ਉਨ੍ਹਾਂ ਕਿਹਾ ਕਿ ਪੁਸਤਕ ਦੀ ਇਹ ਵੀ ਵਿਲੱਖਣਤਾ ਹੈ ਕਿ ਇਹ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿਚ ਹੈ।
ਇਸ ਸਮੇਂ ਬਾਵਾ ਨੇ ਕਿਹਾ ਕਿ ਇਸ ਪੁਸਤਕ ਵਿਚ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਸੁਸ਼ੋਭਿਤ ਹੈ। ਇਸ ਸਮੇਂ ਪ੍ਰੀਤ ਸ਼ਰਨ, ਮਨਦੀਪ ਧਾਲੀਵਾਲ, ਜਸਵਿੰਦਰ ਬਾਜਵਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।