#PUNJAB

ਸੁਰਜੀਤ ਪਾਤਰ ਦੀ ਯਾਦ ‘ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ : ਡਾ. ਓਬਰਾਏ

ਆਨੰਦਪੁਰ ਸਾਹਿਬ ਵਿਖੇ ਪਾਤਰ ਦੀ ਯਾਦ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਵੀ ਖੋਲ੍ਹੇਗਾ ਟਰੱਸਟ
ਅੰਮ੍ਰਿਤਸਰ, 25 ਮਈ (ਪੰਜਾਬ ਮੇਲ)- ਲਫਜ਼ਾਂ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਦੀ ਯਾਦ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸਾਲ ਆਨੰਦਪੁਰ ਸਾਹਿਬ ਵਿਖੇ ਜਿੱਥੇ ਇਕ ਕਵੀ ਦਰਬਾਰ ਕਰਵਾਇਆ ਜਾਵੇਗਾ, ਉੱਥੇ ਹੀ ਇੱਕ ਲਾਇਬਰੇਰੀ ਦੀ ਸਥਾਪਨਾ ਵੀ ਕੀਤੀ ਜਾਵੇਗੀ।
ਪ੍ਰੈੱਸ ਨੂੰ ਜਾਰੀ ਇੱਕ ਬਿਆਨ ਰਾਹੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੰਨੀ ਓਬਰਾਏ ਵਿਵੇਕ ਸਦਨ (ਐਡਵਾਂਸ ਇੰਸਟੀਚਿਊਟ) ਵਿਖੇ ਸੁਰਜੀਤ ਪਾਤਰ ਦੀ ਯਾਦ ਵਿਚ ਜਿੱਥੇ ਹਰ ਸਾਲ ਕਵੀ ਦਰਬਾਰ ਕਰਵਾਇਆ ਜਾਵੇਗਾ, ਉਥੇ ਹੀ ਵਿਵੇਕ ਸਦਨ ਵਿਚ ਮੌਜੂਦ ਉਨ੍ਹਾਂ ਦੇ ਠਹਿਰਨ ਵਾਲੇ ਕਮਰੇ ਨੂੰ ਲਾਇਬ੍ਰੇਰੀ ਵਿਚ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਆਨੰਦਪੁਰ ਸਾਹਿਬ ਵਿਚਲੇ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿਖੇ ‘ਸੰਮਲਿਤਾ ਦਾ ਵਿਚਾਰ : ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ, ਰਮਣੀਕ, ਅਲੌਕਿਕ ਧਰਤਿ’ ਵਿਸ਼ੇ ‘ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਦੋ ਦਿਨਾਂ ਵਿਸ਼ਵ ਪੱਧਰੀ ਕਾਨਫਰੰਸ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਸੀ, ਜਿਸ ਵਿਚ ਪੰਜਾਬੀ ਦੇ 28 ਨਾਮਵਰ ਵਿਦਵਾਨ ਬੁਲਾਏ ਗਏ ਸਨ, ਜਿਸ ਦੌਰਾਨ ਡਾ: ਸੁਰਜੀਤ ਪਾਤਰ ਵੀ ਦੋ ਦਿਨ ਇੱਥੇ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਸੁਰਜੀਤ ਪਾਤਰ ਹੁਰੀਂ ਵਿਵੇਕ ਸਦਨ ਦੇ ਜਿਸ ਕਮਰੇ ਵਿਚ ਠਹਿਰੇ ਸਨ, ਉਸ ਕਮਰੇ ‘ਚੋਂ ਦਿਸਦੇ ਕੁਦਰਤੀ ਨਜ਼ਾਰਿਆਂ ਨੂੰ ਵੇਖਦਿਆਂ ਸੁਰਜੀਤ ਪਾਤਰ ਹੁਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਕਮਰਾ, ਜਿਸ ਵਿਚ ਉਹ (ਪਾਤਰ ਸਾਹਿਬ) ਰਹੇ ਸੀ, ਉਹ ਉਨ੍ਹਾਂ ਨੂੰ ਪੱਕਾ ਅਲਾਟ ਕਰ ਦਿਉ। ਡਾ. ਓਬਰਾਏ ਨੇ ਦੱਸਿਆ ਕਿ ਉਸ ਦੌਰਾਨ ਹੀ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਇਹ ਕਮਰਾ ਪੱਕੇ ਤੌਰ ‘ਤੇ ਤੁਹਾਡਾ ਹੈ।                                                                                                                                                  ਡਾ. ਉਬਰਾਏ ਨੇ ਦੱਸਿਆ ਕਿ ਸੁਰਜੀਤ ਪਾਤਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 52 ਕਵੀਆਂ ਦਾ ਕਵੀ ਦਰਬਾਰ ਲਗਾਉਂਦੇ ਸੀ, ਸੋ ਆਪਾਂ ਵੀ ਅਜਿਹਾ ਹੀ ਕਵੀ ਦਰਬਾਰ ਸ਼ੁਰੂ ਕਰੀਏ। ਉਨ੍ਹਾਂ ਕਿਹਾ ਕਿ ਪਾਤਰ ਹੁਰਾਂ ਦੀ ਸਲਾਹ ਮੁਤਾਬਕ ਅਸੀਂ ਵੀ 52 ਚੋਣਵੇਂ ਨਾਮਵਰ ਕਵੀ ਤਿਆਰ ਕਰਕੇ ਚਾਰ ਰੋਜ਼ਾ ਕਵੀ ਦਰਬਾਰ ਕਰਵਾਉਣ ਦੀ ਯੋਜਨਾ ਬਣਾਈ ਸੀ, ਜਿਸ ਦੀ ਪ੍ਰਧਾਨਗੀ ਵੀ ਪਾਤਰ ਸਾਹਿਬ ਨੇ ਹੀ ਕਰਨੀ ਸੀ ਪਰ ਸੁਰਜੀਤ ਪਾਤਰ ਦੇ ਅਚਾਨਕ ਪਏ ਵਿਛੋੜੇ ਕਾਰਨ ਇਹ ਕਵੀ ਦਰਬਾਰ ਹੁਣ 2 ਮਹੀਨੇ ਅੱਗੇ ਪਾ ਦਿੱਤਾ ਗਿਆ ਹੈ, ਜਿਹੜਾ ਹੁਣ ਸੁਰਜੀਤ ਪਾਤਰ ਹੁਰਾਂ ਨੂੰ ਸਮਰਪਿਤ ਹੋਵੇਗਾ।
ਡਾ. ਓਬਰਾਏ ਨੇ ਸੁਰਜੀਤ ਪਾਤਰ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਪਾਤਰ ਸਾਹਿਬ ਨਾਲ ਉਨ੍ਹਾਂ ਦੀ ਬਹੁਤ ਗੂੜ੍ਹੀ ਮਿੱਤਰਤਾ ਸੀ ਅਤੇ ਉਹ ਸੰਨੀ ਓਬਰਾਏ ਵਿਵੇਕ ਸਦਨ ਅਤੇ ਅਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਦੀ ਪੰਜ ਮੈਂਬਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਸੁਰਜੀਤ ਪਾਤਰ ਅਕਸਰ ਉਨ੍ਹਾਂ ਕੋਲ ਦੁਬਈ ਵੀ ਆਉਂਦੇ ਸਨ ਅਤੇ ਉਨਾਂ ਵੱਲੋਂ ਉਨ੍ਹਾਂ ਦੇ ਸਮੁੰਦਰ ਸਾਹਮਣੇ ਵਾਲੇ ਘਰ ਦੀ ਬਾਲਕੋਨੀ ਵਿਚ ਬੈਠ ਕੇ ਕਈ ਰਚਨਾਵਾਂ ਵੀ ਲਿਖੀਆਂ ਸਨ। ਉਨ੍ਹਾਂ ਕਿਹਾ ਕਿ ਏਸੇ ਬਾਲਕੋਨੀ ‘ਚ ਡਾ. ਪਾਤਰ ਵੱਲੋਂ ਸਮੁੰਦਰ ਵੱਲ ਆਪਣੀਆਂ ਦੋਵੇਂ ਬਾਹਾਂ ਉਲਾਰ ਕੇ ਬੋਲੀਆਂ ਕਾਵਿ ਸਤਰਾਂ ‘ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ ,
ਪਾਣੀ ਨੇ ਮੇਰੇ ਗੀਤ ਮੈਂ ਪਾਣੀ ‘ਤੇ ਲੀਕ ਹਾਂ।’ ਹਮੇਸ਼ਾਂ ਚੇਤੇ ਆਉਂਦੀਆਂ ਰਹਿਣਗੀਆਂ।
ਡਾ. ਓਬਰਾਏ ਨੇ ਕਿਹਾ ਕਿ ਬੇਸ਼ੱਕ ਪਾਤਰ ਹੁਰੀਂ ਸਰੀਰਕ ਤੌਰ ‘ਤੇ ਸਾਨੂੰ ਛੱਡ ਗਏ ਹਨ ਪਰ ਰੂਹਾਨੀ ਤੌਰ ‘ਤੇ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਹਰ ਪੰਜਾਬੀ ਨਾਲ ਜੁੜੀਆਂ ਰਹਿਣਗੀਆਂ।
ਕੈਪਸ਼ਨ
ਮਹਰੂਮ ਸ਼ਾਇਰ ਸੁਰਜੀਤ ਪਾਤਰ ਨਾਲ ਡਾ. ਐੱਸ.ਪੀ. ਸਿੰਘ ਓਬਰਾਏ ਦੀ ਪੁਰਾਣੀ ਯਾਦਗਾਰੀ ਤਸਵੀਰ।