#INDIA

ਸੁਪਰੀਮ ਕੋਰਟ ਵੱਲੋਂ ਗੁਰਦੁਆਰੇ ਵਾਲੀ ਥਾਂ ‘ਤੇ ਹੱਕ ਜਤਾਉਣ ਵਾਲੀ ਦਿੱਲੀ ਵਕਫ਼ ਬੋਰਡ ਦੀ ਪਟੀਸ਼ਨ ਖਾਰਜ

-ਸੁਪਰੀਮ ਕੋਰਟ ਵੱਲੋਂ ਵਿਵਾਦਿਤ ਥਾਂ ‘ਤੇ ਗੁਰਦੁਆਰਾ ਹੋਣ ਦੇ ਮੱਦੇਨਜ਼ਰ ਦਾਅਵਾ ਛੱਡਣ ਦਾ ਮਸ਼ਵਰਾ
ਨਵੀਂ ਦਿੱਲੀ, 5 ਜੂਨ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਦਿੱਲੀ ਵਕਫ਼ ਬੋਰਡ ਦੀ ਉਸ ਪਟੀਸ਼ਨ ਨੂੰ ਬੁੱਧਵਾਰ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੌਮੀ ਰਾਜਧਾਨੀ ਦੇ ਸ਼ਾਹਦਰਾ ਇਲਾਕੇ ਵਿਚ ਇਕ ਸੰਪਤੀ ‘ਵਕਫ਼ ਸੰਪਤੀ’ ਹੈ ਅਤੇ ਉੱਥੇ ਲੰਬੇ ਸਮੇਂ ਤੋਂ ਇਕ ਗੁਰਦੁਆਰਾ ਬਣਿਆ ਹੋਇਆ ਹੈ। ਜਸਟਿਸ ਸੰਜੈ ਕੈਰਲ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਦਿੱਲੀ ਵਕਫ਼ ਬੋਰਡ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ, ”ਉੱਥੇ ਇਕ ਗੁਰਦੁਆਰਾ ਹੈ, ਉਸ ਨੂੰ ਰਹਿਣ ਦਿਓ। ਜੇਕਰ ਕੋਈ ਦਾਅਵਾ ਹੈ ਵੀ, ਤਾਂ ਤੁਹਾਨੂੰ ਇਹ ਕਹਿੰਦੇ ਹੋਏ ਉਸ ਦਾਅਵੇ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਉੱਥੇ ਪਹਿਲਾਂ ਤੋਂ ਹੀ ਇਕ ਗੁਰਦੁਆਰਾ ਹੈ।” ਸੁਪਰੀਮ ਕੋਰਟ ਬੋਰਡ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿਚ ਉਸ ਨੇ ਦਿੱਲੀ ਹਾਈ ਕੋਰਟ ਦੇ ਸਤੰਬਰ 2010 ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਤਹਿਤ ਸੰਪਤੀ ‘ਤੇ ਕਬਜ਼ੇ ਲਈ ਉਸ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਗਿਆ ਸੀ।
ਮੁਕੱਦਮੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਵਿਚਾਰ ਅਧੀਨ ਸੰਪਤੀ ਇਕ ਵਕਫ਼ ਸੰਪਤੀ ਸੀ, ਜਿਸ ਦਾ ਇਸਤੇਮਾਲ ਲੰਮੇ ਸਮੇਂ ਤੋਂ ਵਕਫ਼ ਦੇ ਰੂਪ ਵਿਚ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ, ”ਉੱਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ।”
ਵਕਫ਼ ਬੋਰਡ ਦੇ ਵਕੀਲ ਨੇ ਮਾਮਲੇ ‘ਚ ਹੇਠਲੀ ਅਦਾਲਤ ਦੇ ਜੱਜ ਦੀਆਂ ਲੱਭਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਇਕ ਮਸਜ਼ਿਦ ਸੀ। ਉਨ੍ਹਾਂ ਕਿਹਾ ਕਿ ਪ੍ਰਤੀਵਾਦੀ ਦੇ ਇਕ ਗਵਾਹ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਉੱਥੇ ਇਕ ਮਸਜ਼ਿਦ ਸੀ ਅਤੇ ਗੁਰਦੁਆਰੇ ਵਰਗਾ ਇਕ ਢਾਂਚਾ ਬਣਾਇਆ ਗਿਆ ਸੀ ਪਰ ਇਸ ਦੀ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਸੀ। ਬੈਂਚ ਨੇ ਕਿਹਾ, ”ਇਹ ਗੁਰਦੁਆਰੇ ਵਰਗਾ ਢਾਂਚਾ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਗੁਰਦੁਆਰਾ ਹੈ।” ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ, ਜਿਸ ਵਿਚ ਇਕ ਗਵਾਹ ਨੇ ਸਵੀਕਾਰ ਕੀਤਾ ਸੀ ਕਿ 1947 ਤੋਂ ਇਸ ਸੰਪਤੀ ‘ਤੇ ਇਕ ਗੁਰਦੁਆਰਾ ਹੈ।