#INDIA

ਸੀ.ਐੱਨ.ਜੀ. ਦੀਆਂ ਕੀਮਤਾਂ ਇਕ ਰੁਪਏ ਵਧੀਆਂ

ਨਵੀਂ ਦਿੱਲੀ, 22 ਜੂਨ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਕੰਪਰੈੱਸਡ ਨੈਚੁਰਲ ਗੈਸ (ਸੀ.ਐੱਨ.ਜੀ.) ਦੀਆਂ ਕੀਮਤਾਂ ਇਕ ਰੁਪਏ ਪ੍ਰਤੀ ਕਿਲੋ ਵਧਾ ਦਿੱਤੀਆਂ ਹਨ। ਇਹ ਨਵੀਆਂ ਦਰਾਂ ਅੱਜ ਸਵੇਰੇ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਦਿੱਲੀ ‘ਚ ਕੀਮਤ 74.09 ਰੁਪਏ ਤੋਂ ਵਧ ਕੇ 75.09 ਰੁਪਏ ਪ੍ਰਤੀ ਕਿਲੋਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ‘ਚ ਕੀਮਤਾਂ 78.70 ਰੁਪਏ ਤੋਂ ਵਧ ਕੇ 79.70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ ਅਤੇ ਹਰਿਆਣਾ ਦੇ ਗੁਰੂਗ੍ਰਾਮ ‘ਚ ਸੀ.ਐੱਨ.ਜੀ. ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਸੀ.ਐੱਨ.ਜੀ. ਕੀਮਤਾਂ ਵਧਣ ਤੋਂ ਬਾਅਦ ਆਵਾਜਾਈ ਦੇ ਖਰਚੇ ਵਧਣਗੇ। ਸੀ.ਐੱਨ.ਜੀ. ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਲੋਕ ਪ੍ਰੇਸ਼ਾਨ ਹਨ, ਜੋ ਪਹਿਲਾਂ ਹੀ ਮਹਿੰਗਾਈ ਤੇ ਤੇਲ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਨਾਲ ਜੂਝ ਰਹੇ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ‘ਚ ਲੋਕਾਂ ਦਾ ਸੀ.ਐੱਨ.ਜੀ. ਵਾਹਨ ਖਰੀਦਣ ਦਾ ਰੁਝਾਨ ਵੀ ਵਧਿਆ ਹੈ।