#PUNJAB

ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਮਰਹੂਮ ਗਾਇਕ ਦੇ ਸਾਬਕਾ ਮੈਨੇਜਰ ‘ਤੇ ਡਿਜੀਟਲ ਧੋਖਾਧੜੀ ਦਾ ਦੋਸ਼

ਡੀ.ਜੀ.ਪੀ. ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਕੀਤੀ
ਮਾਨਸਾ, 9 ਅਗਸਤ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਵੱਲੋਂ ਜਿਊਂਦੇ ਜੀਅ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ਾਂ ਵਿਚ ਲਗਾਏ ਗਏ ਪ੍ਰੋਗਰਾਮ ਆਦਿ ਦੇ ਪੈਸੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਵਿਵਾਦ ਕਿਸੇ ਹੋਰ ਨਾਲ ਨਹੀਂ, ਬਲਕਿ ਸਿੱਧੂ ਮੂਸੇਵਾਲਾ ਦੇ ਕਿਸੇ ਸਮੇਂ ਮੈਨੇਜਰ ਰਹੇ ਬੰਟੀ ਬੈਂਸ ਨਾਮ ਦੇ ਵਿਅਕਤੀ ਨਾਲ ਹੈ। ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਡੀ.ਜੀ.ਪੀ. ਪੰਜਾਬ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਂਝ ਤਾਂ ਇਸ ਪੈਸੇ ਦਾ ਕੋਈ ਰਿਕਾਰਡ ਨਹੀਂ ਹੈ ਪਰ ਪਰਿਵਾਰ ਵੱਲੋਂ ਇਹ ਪੈਸਾ 37 ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੰਟੀ ਤੋਂ ਉਹ ਲੰਬੇ ਸਮੇਂ ਤੋਂ ਇਸ ਪੈਸੇ ਅਤੇ ਪ੍ਰੋਗਰਾਮਾਂ ਦਾ ਹਿਸਾਬ ਮੰਗਦੇ ਆ ਰਹੇ ਹਨ, ਪਰ ਉਹ ਹਰ ਵਾਰ ਹਿਸਾਬ ਦੇਣ ਤੋਂ ਆਨਾਕਾਨੀ ਕਰ ਰਿਹਾ ਸੀ।
ਵੇਰਵਿਆਂ ਅਨੁਸਾਰ ਸਿੱਧੂ ਮੂਸੇਵਾਲਾ ਦੇ ਦੇਸ਼ ਵਿਦੇਸ਼ ‘ਚ ਆਯੋਜਿਤ ਹੋਣ ਵਾਲੇ ਸ਼ੋਅ ਦੇ ਪੂਰੇ ਲੈਣ ਦੇਣ ਦਾ ਹਿਸਾਬ ਕਿਤਾਬ ਬੰਟੀ ਕੋਲ ਹੁੰਦਾ ਸੀ। ਮੂਸੇਵਾਲਾ ਦੀ ਮੌਤ ਮਗਰੋਂ ਪਰਿਵਾਰ ਨੇ ਬੰਟੀ ਤੋਂ ਇਸ ਦਾ ਹਿਸਾਬ ਕਿਤਾਬ ਮੰਗਿਆ ਪਰ ਉਹ ਟਾਲ ਮਟੋਲ ਕਰਦਾ ਰਿਹਾ। ਇਸ ਨੂੰ ਲੈ ਕੇ ਪਰਿਵਾਰ ਵੱਲੋਂ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਗਈ ਹੈ।
ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦੇ ਪ੍ਰੋਗਰਾਮਾਂ ਦਾ ਕਰੋੜਾਂ ਰੁਪਏ ਦਾ ਬਿਜ਼ਨਸ ਹੋਣ ਦਾ ਅਨੁਮਾਨ ਹੈ। ਪਰ ਉਨ੍ਹਾਂ ਵੱਲੋਂ ਜੁਟਾਏ ਗਏ ਰਿਕਾਰਡ ਮੁਤਾਬਕ 37 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਪ੍ਰੋਗਰਾਮਾਂ ਦਾ ਪੂਰਾ ਰਿਕਾਰਡ ਘੋਖਿਆ ਜਾਵੇ ਤਾਂ ਰਕਮ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਮਜਬੂਰਨ ਪੁਲਿਸ ਦਾ ਸਹਾਰਾ ਲੈਣਾ ਪਿਆ ਹੈ।
ਉਧਰ ਬੰਟੀ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਨੇ ਕਿਹਾ, ”ਸਿੱਧੂ ਮੂਸੇਵਾਲਾ ਮੇਰਾ ਦੋਸਤ ਸੀ। ਉਸ ਦਾ ਸਿੰਗਾਪੁਰ ਦੀ ਕਿਸੇ ਕੰਪਨੀ ਨਾਲ ਕਰੀਬ ਸਵਾ ਅਰਬ ਰੁਪਏ ‘ਚ ਐਗਰੀਮੈਂਟ ਹੋਇਆ ਸੀ, ਜਿਸ ਵਿਚੋਂ ਕੰਪਨੀ 80 ਫੀਸਦੀ ਭੁਗਤਾਨ ਕਰ ਚੁੱਕੀ ਹੈ। ਬਾਕੀ ਕਿਸ਼ਤਾਂ ਰਾਹੀਂ ਕੀਤਾ ਜਾ ਰਿਹਾ ਹੈ।”