#OTHERS

ਸਿੰਗਾਪੁਰ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਾਅਲਸਾਜ਼ੀ ਦੇ ਦੋਸ਼ ਹੇਠ 7 ਹਫ਼ਤਿਆਂ ਦੀ ਸਜ਼ਾ!

ਸਿੰਗਾਪੁਰ, 11 ਅਪ੍ਰੈਲ (ਪੰਜਾਬ ਮੇਲ)- ਸਿੰਗਾਪੁਰ ਵਿਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਗਾਹਕਾਂ ਦੇ ਬੈਂਕ ਦਸਤਾਵੇਜ਼ਾਂ ਵਿਚ ਜਾਅਲਸਾਜ਼ੀ ਕਰਨ ਦੇ ਦੋਸ਼ ਵਿਚ 7 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਨੇ ਆਪਣੇ ਸੇਲਜ਼ ਟਾਰਗੇਟ (ਵਿਕਰੀ ਦੇ ਟੀਚੇ) ਨੂੰ ਪੂਰਾ ਕਰਨ ਲਈ ਬੀਮਾ ਪਾਲਿਸੀਆਂ ਵੇਚਣ ਦੇ ਨਾਂ ‘ਤੇ ਇਹ ਧੋਖਾਧੜੀ ਕੀਤੀ ਸੀ।
ਮੁਲਜ਼ਮ ਦੀ ਪਛਾਣ 38 ਸਾਲਾ ਵਿਜੇਂਦਰਨ ਤਾਨਾਪਾਲ ਵਜੋਂ ਹੋਈ ਹੈ, ਜੋ ਕਿ ਡੀ.ਬੀ.ਐੱਸ. ਬੈਂਕ ਵਿਚ ‘ਪ੍ਰਾਪਰਟੀ ਪਲੈਨਿੰਗ ਮੈਨੇਜਰ’ ਵਜੋਂ ਕੰਮ ਕਰਦਾ ਸੀ। ਤਾਨਾਪਾਲ ਮੁੱਖ ਤੌਰ ‘ਤੇ ਜਾਪਾਨੀ ਗਾਹਕਾਂ ਨੂੰ ਮਨੂਲਾਈਫ ਬੀਮਾ ਪਾਲਿਸੀਆਂ ਵੇਚਦਾ ਸੀ। ਸਾਲ 2017 ਵਿਚ ਆਪਣੇ ਵਿਕਰੀ ਟੀਚਿਆਂ ਨੂੰ ਪੂਰਾ ਕਰਨ ਲਈ, ਉਸ ਨੇ ਗਾਹਕਾਂ ਦੇ ਬੈਂਕ ਦਸਤਾਵੇਜ਼ਾਂ ਵਿਚ ਹੇਰਾਫੇਰੀ ਕੀਤੀ, ਤਾਂ ਜੋ ਪਾਲਿਸੀਆਂ ਨੂੰ ਪ੍ਰਭਾਵਸ਼ਾਲੀ ਦਿਖਾਇਆ ਜਾ ਸਕੇ।
ਉਸ ਨੇ ਦੋ ਜਾਪਾਨੀ ਗਾਹਕਾਂ ਨਾਲ ਜੁੜੇ ਜਾਲਸਾਜ਼ੀ ਦੇ ਦੋ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਸਜ਼ਾ ਸੁਣਾਉਣ ਵੇਲੇ ਉਸ ਦੇ ਹੋਰ ਜਾਪਾਨੀ ਗਾਹਕਾਂ ਨਾਲ ਜੁੜੇ ਕਈ ਹੋਰ ਸਮਾਨ ਦੋਸ਼ਾਂ ‘ਤੇ ਵੀ ਵਿਚਾਰ ਕੀਤਾ। ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਤਾਨਾਪਾਲ ਨੂੰ 7 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਫਿਲਹਾਲ ਉਸ ਦੀ ਜ਼ਮਾਨਤ ਰਾਸ਼ੀ 15,000 ਸਿੰਗਾਪੁਰ ਡਾਲਰ ਤੈਅ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਉਹ 31 ਜੁਲਾਈ ਤੋਂ ਆਪਣੀ ਸਜ਼ਾ ਕੱਟਣੀ ਸ਼ੁਰੂ ਕਰੇਗਾ।