#AMERICA

ਸਿਨਸਿਨਾਟੀ ਦੇ ਸੱਤਵੇਂ ਸਲਾਨਾ ਵਿਸ਼ਵ ਧਰਮ ਸੰਮੇਲਨ ”ਫੈਸਟੀਵਲ ਆਫ ਫੇਥਸ” ‘ਚ ਸਿੱਖਾਂ ਵੱਲੋਂ ਸ਼ਮੂਲੀਅਤ

-ਸਿੱਖ ਸੰਗਤ ਵਲੋਂ ਲਾਈ ਗਈ ਧਰਮ ਬਾਰੇ ਪ੍ਰਦਰਸ਼ਨੀ, ਮਹਿਮਾਨਾਂ ‘ਤੇ ਸਜਾਈਆਂ ਗਈਆਂ ਦਸਤਾਰਾਂ, ਕੀਤੀ ਗਈ ਲੰਗਰ ਸੇਵਾ
ਸਿਨਸਿਨਾਟੀ (ਓਹਾਇਓ), 2 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਸੱਤਵਾਂ ਸਾਲਾਨਾ ‘ਸਿਨਸਿਨਾਟੀ ਫੈਸਟੀਵਲ ਆਫ ਫੇਥਸ’ (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕੁਏਜ਼ਨ’ ਸੰਸਥਾ ਵਲੋਂ ਕਰਵਾਏ ਜਾਂਦੇ ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 30 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜੁੱਟ ਹੋਈਆਂ ਅਤੇ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਬਾਰੇ ਸਿੱਖਿਆ ਦੇਣ ਅਤੇ ਲੈਣ ਲਈ, ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ।
ਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿੱਖ ਕਮਿਊਨਿਟੀ ਦੇ ਕਾਰਕੁੰਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿਨਸਿਨਾਟੀ ਅਤੇ ਨੇੜਲੇ ਸ਼ਹਿਰ ਡੇਟਨ ਦੇ ਸਿੱਖਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ। ਪਿਛਲੇ ਸਾਲ ਵਾਂਗ ਸਿੱਖ ਭਾਈਚਾਰੇ ਵਲੋਂ ਆਏ ਹੋਏ ਹਜ਼ਾਰਾਂ ਮਹਿਮਾਨਾਂ ਲਈ ਲੰਗਰ ਦੀ ਵੀ ਸੇਵਾ ਕੀਤੀ ਗਈ। ਆਏ ਹੋਏ ਮਹਿਮਾਨਾਂ ਨੂੰ ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਉਨ੍ਹਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ।
ਫੈਸਟੀਵਲ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ। ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਕ ਪ੍ਰਮਾਤਮਾ ਦਾ ਗੁਣ ਗਾਇਨ ਕੀਤਾ। ਮਰਹੂਮ ਜੈਪਾਲ ਸਿੰਘ ਜੋ ਕਿ ਇਸ ਸੰਮੇਲਨ ਦੇ ਮੁੱਖ ਸੰਸਥਾਪਕਾਂ ਵਿਚੋਂ ਸਨ, ਉਨ੍ਹਾਂ ਦੀ ਪਤਨੀ ਅਸੀਸ ਕੌਰ ਨੇ ਸਿੱਖ ਧਰਮ ਦੀਆਂ ਮੂਲ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਗੁਰੂ ਸਾਹਿਬ ਫੁਰਮਾਉਂਦੇ ਹਨ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿਆਈ’ ਜਿਸ ਦਾ ਸੁਨੇਹਾ ਹੈ ‘ਮੈਨੂੰ ਕੋਈ ਵੈਰੀ ਨਹੀਂ ਦਿੱਸਦਾ, ਕੋਈ ਓਪਰਾ ਨਹੀਂ ਦਿੱਸਦਾ, ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ।’
ਗੁਰਦੁਆਰਾ ਫਤਹਿਗੜ੍ਹ ਸਾਹਿਬ ਪੰਜਾਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋਏ। ਉਨ੍ਹਾਂ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ‘ਆਪਣੀ ਕੌਮੀ ਹਾਜ਼ਰੀ ਲਵਾਉਣ ਵਾਸਤੇ, ਆਪਣੀ ਕੌਮੀ ਪਹਿਚਾਣ ਸੰਸਾਰ ਸਾਹਮਣੇ ਰੱਖਣ ਲਈ ਜਿਸ ਤਰ੍ਹਾਂ ਸਿੱਖ ਭਾਈਚਾਰਾ ਯਤਨਸ਼ੀਲ ਹੈ, ਮੈਂ ਇਨ੍ਹਾਂ ਦੀ ਭਾਵਨਾ ਨੂੰ ਨਮਸਕਾਰ ਕਰਦਾ ਹਾਂ। ਆਪਣੀ ਕਿਰਤ ਦੇ ਨਾਲ-ਨਾਲ ਇਹ ਕੌਮ ਦਾ ਨਾਮ ਉੱਚਾ ਕਰ ਰਹੇ ਹਨ, ਗੁਰੂ ਸਾਹਿਬ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ਣ।’
ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ, ਭਾਈ ਚਰਨਬੀਰ ਸਿੰਘ ਰਬਾਬੀ, ਭਾਈ ਪ੍ਰਭਜੋਤ ਸਿੰਘ ਦੇ ਜੱਥੇ ਨੇ ਸਿੱਖ ਸੰਗਤ ਸਣੇ ਸ਼ਬਦ ਕੀਰਤਨ ”ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ” ਗਾਇਨ ਕੀਤਾ। ਵੱਖ-ਵੱਖ ਧਰਮਾਂ ਦੇ ਸਿਮਰਨ ਦੇ ਸੈਸ਼ਨ ‘ਚ ਸਿੱਖ ਭਾਈਚਾਰੇ ਵਲੋਂ ਬੀਬੀ ਮਿਹਰ ਕੌਰ ਨੇ ਦਿਲਰੁਬਾ ਨਾਲ ਮੂਲ-ਮੰਤਰ ਦਾ ਗਾਇਨ ਅਤੇ ਵਾਹਿਗੁਰੂ ਸਿਮਰਨ ਕੀਤਾ।
ਸਿੱਖ ਪ੍ਰਦਰਸ਼ਨੀ ‘ਚ ਪੁਸਤਕਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਕਾਰ ਵੀ ਰੱਖੇ ਗਏ। ਆਏ ਹੋਏ ਮਹਿਮਾਨਾਂ ਨੂੰ ਦਸਤਾਰ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਾਉਣ ਲਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼ੁਰਗ ਬਹੁਤ ਹੀ ਉਤਸ਼ਾਹਿਤ ਹੁੰਦੇ, ਤਸਵੀਰਾਂ ਲੈਂਦੇ ਅਤੇ ਮਾਣ ਨਾਲ ਸੰਮੇਲਨ ਵਿਚ ਘੁੰਮਦੇ ਰਹੇ।
ਸਿਨਸਿਨਾਟੀ ਦੇ ਮੇਅਰ ਆਫਤਾਬ ਪੁਰੇਵਾਲ ਨੇ ਕਿਹਾ, ”ਅੱਜ ਕਈ ਧਰਮਾਂ ਤੋਂ ਲੋਕ ਇਸ ਸਮਾਗਮ ‘ਚ ਸ਼ਾਂਤੀ, ਆਪਸੀ ਪਿਆਰ ਅਤੇ ਜਾਣਕਾਰੀ ਵਧਾਉਣ ਲਈ ਇਕੱਠੇ ਹੋਏ ਹਨ। ਮੈਨੂੰ ਇਸ ਤੱਥ ‘ਤੇ ਮਾਣ ਹੈ ਕਿ ਮੇਰੇ ਪਿਤਾ ਇੱਕ ਸਿੱਖ ਹਨ। ਸਿਨਸਿਨਾਟੀ, ਡੇਟਨ ਅਤੇ ਓਹਾਇਓ ਦੇ ਹੋਰਨਾਂ ਸ਼ਹਿਰਾਂ ਤੋਂ ਸਾਰੇ ਸਿੱਖ ਆਪਣੇ ਧਰਮ ਬਾਰੇ ਜਾਣਕਾਰੀ ਦੇਣ ਅਤੇ ਲੰਗਰ ਦੀ ਪ੍ਰਥਾ ਨੂੰ ਸਾਂਝਾ ਕਰਨ ਲਈ ਆਏ ਹਨ। ਲੰਗਰ ਸਿੱਖ ਧਰਮ ਵਿਚ ਇਕ ਐਸੀ ਪ੍ਰੰਪਰਾ ਹੈ, ਜੋ ਦੱਸਦੀ ਹੈ ਕਿ ਹਰ ਕੋਈ ਰੱਬ ਦੀ ਨਜ਼ਰ ਵਿਚ ਬਰਾਬਰ ਹੈ। ਤੁਸੀਂ ਦੁਨੀਆਂ ਭਰ ਦੇ ਕਿਸੇ ਵੀ ਗੁਰਦੁਆਰੇ ਵਿਚ ਜਾ ਸਕਦੇ ਹੋ ਅਤੇ ਲੰਗਰ ਛੱਕ ਸਕਦੇ ਹੋ। ਮੈਨੂੰ ਸਿੱਖ ਭਾਈਚਾਰੇ ‘ਤੇ ਬਹੁਤ ਮਾਣ ਹੈ।
ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਫੈਸਟੀਵਲ ਦੇ ਸੰਸਥਾਪਕਾਂ ਵਿਚੋ ਇੱਕ ਜੈਪਾਲ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮਾਗਮ ਨਾਲ ਸਿਨਸਿਨਾਟੀ ਦੇ ਵੱਖ ਵੱਖ ਭਾਈਚਾਰਿਆਂ ਵਿਚ ਆਪਸੀ ਸਿੱਖਿਆ, ਸੰਬੰਧ, ਹਮਦਰਦੀ, ਸਮਝ ਅਤੇ ਪਿਆਰ ਪੈਦਾ ਹੋ ਰਿਹਾ ਹੈ।