-ਦੋਵਾਂ ਕੋਲ ਸੀ ਲਾਇਸੈਂਸੀ ਹਥਿਆਰ
– ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋਈ
ਸਿਡਨੀ, 15 ਦਸੰਬਰ (ਪੰਜਾਬ ਮੇਲ)- ਸਿਡਨੀ ਦੀ ਬੋਂਡੀ ਬੀਚ ‘ਤੇ ਯਹੂਦੀਆਂ ਦੇ ਇਕ ਸਮਾਗਮ ਦੌਰਾਨ ਬੰਦੂਕਧਾਰੀ ਪਿਉ-ਪੁੱਤ ਵੱਲੋਂ ਚਲਾਈਆਂ ਗੋਲੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ, ਜਿਨ੍ਹਾਂ ਵਿਚ ਦਸ ਸਾਲਾ ਬੱਚੀ ਤੇ ਇਕ ਸ਼ੂਟਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ। ਪੁਲਿਸ ਨੇ ਕਿਹਾ ਕਿ ਬੌਂਡੀ ਬੀਚ ਤੋਂ ਦੂਰ ਇੱਕ ਛੋਟੇ ਜਿਹੇ ਪਾਰਕ ਵਿਚ ਆਯੋਜਿਤ ਯਹੂਦੀ ਸਮਾਗਮ ਵਿਚ 1000 ਦੇ ਕਰੀਬ ਲੋਕ ਮੌਜੂਦ ਸਨ।
ਰਿਪੋਰਟ ਮੁਤਾਬਕ ਪਿਉ-ਪੁੱਤ ਦੀ ਪਛਾਣ ਪਾਕਿਸਤਾਨੀ ਮੂਲ ਦੇ ਸਾਜਿਦ ਅਕਰਮ (50) ਤੇ ਉਸ ਦੇ 24 ਸਾਲਾ ਪੁੱਤਰ ਨਾਵੀਦ ਅਕਰਮ ਵਜੋਂ ਹੋਈ ਹੈ। ਸਾਜਿਦ ਅਕਰਮ ਦੀ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੌਤ ਹੋ ਗਈ, ਜਦੋਂਕਿ ਨਾਵੀਦ ਅਕਰਮ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਕਰਮ ਦੇ ਨਿਊ ਸਾਊਥ ਵੇਲਜ਼ ਡਰਾਈਵਿੰਗ ਲਾਇਸੈਂਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਹਮਲੇ ਵਿਚ ਸ਼ਾਮਲ ਸਾਜਿਦ ਅਕਰਮ ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਆਇਆ ਸੀ, ਜਦੋਂਕਿ ਉਸ ਦਾ ਪੁੱਤਰ ਆਸਟਰੇਲੀਆ ਵਿਚ ਜਨਮਿਆ ਨਾਗਰਿਕ ਹੈ।
ਆਸਟਰੇਲੀਆ ਦੇ ਸਭ ਤੋਂ ਮਸ਼ਹੂਰ ਬੀਚ ‘ਤੇ ਇਹ ਕਤਲੇਆਮ ਪਿਛਲੇ ਸਾਲ ਯਹੂਦੀ ਵਿਰੋਧੀ ਹਮਲਿਆਂ ਦੀ ਇੱਕ ਲਹਿਰ ਤੋਂ ਬਾਅਦ ਹੋਇਆ ਹੈ, ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਹਮਲਿਆਂ ਅਤੇ ਐਤਵਾਰ ਦੀ ਗੋਲੀਬਾਰੀ ਦਾ ਕੋਈ ਸਬੰਧ ਸੀ। ਇਹ ਸਖ਼ਤ ਬੰਦੂਕ ਕੰਟਰੋਲ ਕਾਨੂੰਨਾਂ ਵਾਲੇ ਮੁਲਕ ਵਿਚ ਲਗਪਗ ਤਿੰਨ ਦਹਾਕਿਆਂ ਵਿਚ ਸਭ ਤੋਂ ਘਾਤਕ ਸਮੂਹਕ ਗੋਲੀਬਾਰੀ ਸੀ।
ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ ਮਾਲ ਲੈਂਯਨ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਰਾਤ ਭਰ ਦੀ ਜਾਂਚ ਤੋਂ ਬਾਅਦ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਨੇ ਹਮਲਾਵਰਾਂ ਅਤੇ ਹਮਲੇ ਵਿਚ ਵਰਤੇ ਗਏ ਹਥਿਆਰਾਂ ਬਾਰੇ ਮੁੱਖ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀ ਹਮਲਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿਚ ਘੱਟੋ-ਘੱਟ 16 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿਚ ਇੱਕ ਬੰਦੂਕਧਾਰੀ ਵੀ ਸ਼ਾਮਲ ਹੈ ਅਤੇ ਲਗਭਗ 40 ਲੋਕ ਜ਼ਖਮੀ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪੱਛਮੀ ਸਿਡਨੀ ਦੇ ਬੋਨੀਰਿਗ ਅਤੇ ਕੈਂਪਸੀ ਖੇਤਰਾਂ ਵਿਚ ਰਾਤ ਭਰ ਦੋ ਜਾਇਦਾਦਾਂ ‘ਤੇ ਛਾਪੇਮਾਰੀ ਕੀਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ 50 ਸਾਲਾ ਵਿਅਕਤੀ ਦੇ ਨਾਮ ‘ਤੇ 6 ਹਥਿਆਰ ਰਜਿਸਟਰਡ ਸਨ ਅਤੇ ਉਹ ਇੱਕ ਲਾਇਸੈਂਸਸ਼ੁਦਾ ਬੰਦੂਕ ਦਾ ਮਾਲਕ ਸੀ। ਲੈਂਯਨ ਨੇ ਕਿਹਾ, ”ਇਹ ਮੰਨਿਆ ਜਾਂਦਾ ਹੈ ਕਿ ਹਮਲੇ ਵਿਚ ਇਨ੍ਹਾਂ 6 ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।” ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰੇਗੀ ਕਿ ਹਥਿਆਰ ਕਿਵੇਂ ਪ੍ਰਾਪਤ ਕੀਤੇ ਗਏ ਅਤੇ ਵਰਤੇ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਕੋਲ ਲਗਭਗ 10 ਸਾਲਾਂ ਤੋਂ ਬੰਦੂਕ ਦਾ ਲਾਇਸੈਂਸ ਸੀ।
ਸਿਡਨੀ ‘ਚ ਗੋਲੀਬਾਰੀ ‘ਚ ਸ਼ਾਮਲ ਦੋਵੇਂ ਬੰਦੂਕਧਾਰੀ ਨਿਕਲੇ ਪਿਓ-ਪੁੱਤ

