– ਨਵਜੋਤ ਸਿੱਧੂ ਦੀ ਭਾਜਪਾ ‘ਚ ਮੁੜ ਵਾਪਸੀ ਦੀ ਚਰਚਾ
– ਯੁਵਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਚੋਣ ਲੜਵਾ ਸਕਦੀ ਹੈ ਭਾਜਪਾ
ਅੰਮ੍ਰਿਤਸਰ, 21 ਫਰਵਰੀ (ਪੰਜਾਬ ਮੇਲ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਕ ਪਾਸੇ ਜਿੱਥੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭਾਜਪਾ ‘ਚ ਮੁੜ ਵਾਪਸੀ ਦੀ ਚਰਚਾ ਹੋ ਰਹੀ ਹੈ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਗੁਰਦਾਸਪੁਰ ਸੰਸਦੀ ਹਲਕੇ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ। ਦੋਵਾਂ ਨੂੰ ਹੀ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ।
ਹਾਲਾਂਕਿ ਕਿਸਾਨ ਅੰਦੋਲਨ ਦੌਰਾਨ ਸਿੱਧੂ ਅਕਸਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਨਜ਼ਰ ਆਉਂਦੇ ਹਨ ਪਰ ਸਿੱਧੂ ਦੀ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਚੱਲ ਰਹੀ ਖਿੱਚੋਤਾਣ ਨੂੰ ਅਣਗੌਲਿਆ ਨਹੀਂ ਜਾ ਸਕਦਾ। ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਦੀਆਂ ਰੈਲੀਆਂ ‘ਤੇ ਰੋਕ ਤੇ ਪਾਰਟੀ ਦੇ ਨਿਰਦੇਸ਼ਾਂ ਦੀ ਲਗਾਤਾਰ ਉਲੰਘਣਾ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਭਾਜਪਾ ‘ਚ ਮੁੜ ਵਾਪਸੀ ਕਰ ਸਕਦੇ ਹਨ।
ਬੇਸ਼ੱਕ ਸਿੱਧੂ ਦੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਗੂੜ੍ਹੇ ਸਬੰਧ ਹਨ ਪਰ ਖੇਤਰੀ ਭਾਜਪਾ ਆਗੂਆਂ ਨੂੰ ਲੱਗਦਾ ਹੈ ਕਿ ਉਹ ਮੂਲ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ ਤੇ ਪੰਜਾਬ ਦੇ ਸੰਸਦ ਮੈਂਬਰ ਉਮੀਦਵਾਰ ਬਣ ਸਕਦੇ ਹਨ। ਭਾਜਪਾ ਆਗੂ ਸੋਮਦੇਵ ਸ਼ਰਮਾ ਨੇ ਕਿਹਾ ਕਿ ਸਿੱਧੂ ਦੇ ਪਾਰਟੀ ‘ਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਹਨ। ਸੂਤਰਾਂ ਅਨੁਸਾਰ ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਸੰਭਾਵਨਾ ‘ਤੇ ਹੋਰਨਾਂ ਭਾਜਪਾ ਆਗੂਆਂ ‘ਚ ਚਰਚਾ ਚੱਲ ਰਹੀ ਹੈ ਤੇ ਵੇਰਵਿਆਂ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਮੈਦਾਨ ‘ਚ ਉਤਾਰਨ ਦਾ ਫੈਸਲਾ ਕਰਦੀ ਹੈ, ਤਾਂ ਉਹ ਸਿੱਧੂ ਤੋਂ ਜਿੱਤ ਦੀ ਉਮੀਦ ਕਰ ਸਕਦੀ ਹੈ।
ਹਾਲਾਂਕਿ, ਕਾਂਗਰਸੀ ਆਗੂ ਰਮਨ ਬਖਸ਼ੀ ਨੇ ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਨੇਤਾ ਇਕ ਤੋਂ ਦੂਜੀ ਪਾਰਟੀ ‘ਚ ਘੁੰਮਦਾ ਰਹਿੰਦਾ ਹੈ, ਉਹ ਭਰੋਸਾ ਗੁਆ ਬੈਠਦਾ ਹੈ।
ਸੂਤਰਾਂ ਮੁਤਾਬਕ ਕਾਂਗਰਸ ਵੱਲੋਂ ਸਿੱਧੂ ਨੂੰ ਅੰਮ੍ਰਿਤਸਰ ਦੇ ਨਾਲ-ਨਾਲ ਕਿਸੇ ਹੋਰ ਚੋਣ ਹਲਕੇ ਤੋਂ ਮੈਦਾਨ ਵਿਚ ਉਤਾਰੇ ਦੀ ਸੰਭਾਵਨਾ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਭਾਜਪਾ ਗੁਰਦਾਸਪੁਰ ਤੋਂ ਮੌਜੂਦਾ ਐੱਮ.ਪੀ. ਸਨੀ ਦਿਓਲ ਦੀ ਜਗ੍ਹਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਮੈਦਾਨ ‘ਚ ਉਤਾਰ ਸਕਦੀ ਹੈ।
ਸੋਮਦੇਵ ਸ਼ਰਮਾ ਨੇ ਕਿਹਾ ਕਿ ਇਸ ਦਾ ਹਾਲੀਆ ਸੰਕੇਤ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਉਨ੍ਹਾਂ ਦੀ ਮੁਲਾਕਾਤ ਹੈ। ਪਹਿਲਾਂ ਵੀ ਭਾਜਪਾ ਗੁਰਦਾਸਪੁਰ ਤੋਂ ਵਿਨੋਦ ਖੰਨਾ ਤੇ ਸੰਨੀ ਦਿਓਲ ਵਰਗੇ ਪੈਰਾਸ਼ੂਟ ਉਮੀਦਵਾਰ ਮੈਦਾਨ ‘ਚ ਉਤਾਰ ਚੁੱਕੀ ਹੈ।