ਸਿਆਟਲ, 15 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਦੀਵਾਲੀ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਸਵੇਰ ਤੋਂ ਹੀ ਸ੍ਰੀ ਅਖੰਡ ਪਾਠ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਅਤੇ ਕਥਾ-ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ ਗਿਆ। ਸ਼ਾਮ ਨੂੰ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਘਰਾਂ ’ਚ ਨਤਮਸਤਕ ਹੋਏ ਅਤੇ ਦੀਵੇ ਜਗ੍ਹਾ ਕੇ ਦੀਪਮਾਲਾ ਕੀਤੀ। ਇਸ ਮੌਕੇ ਗੁਰਦੁਆਰਾ ਸੱਚਾ ਮਾਰਗ ਵਿਚ ਭਾਈ ਦਵਿੰਦਰ ਸਿੰਘ ਨੇ ਕਥਾ ਰਾਹੀਂ ਗੁਰੂ ਦਾ ਇਤਿਹਾਸ ਸੁਣਾ ਕੇ ਗੁਰੂ ਸ਼ਬਦ ਨਾਲ ਜੋੜਿਆ। ਗੁਰਦੁਆਰਾ ਸਿੰਘ ਸਭਾ ਰੈਨਟਨ ਵਿਚ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਮਾਨ ਤੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ। ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਈ। ਗੁਰਦੁਆਰਾ ਸਿੱਖ ਸਭਾ ਬੋਥਲ ਵਿਚ ਸਵੇਰ ਤੋਂ ਹੀ ਗੁਰਬਾਣੀ, ਪਾਠ, ਕਥਾ-ਕੀਰਤਨ ਕੀਤੇ ਗਏ। ਸੰਗਤਾਂ ਭਾਰੀ ਗਿਣਤੀ ਵਿਚ ਨਤਮਸਤਕ ਹੋਈਆਂ। ਸ਼ਾਮ ਨੂੰ ਦੀਪਮਾਲਾ ਕੀਤੀ ਗਈ। ਸਿਆਟਲ ਵਿਚ ਸਾਰਾ ਦਿਨ ਹੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ।