ਲੰਡਨ, 28 ਦਸੰਬਰ (ਪੰਜਾਬ ਮੇਲ)- ਅੰਕੜਿਆਂ ਅਨੁਸਾਰ ਸਾਲ 2023 ‘ਚ ਲੰਡਨ ਛੱਡ ਕੇ ਬਾਹਰ ਜਾ ਕੇ ਵਸਣ ਵਾਲਿਆਂ ਦੀ ਗਿਣਤੀ ਪਿਛਲੇ 9 ਸਾਲਾਂ ਤੋਂ ਘੱਟ ਰਹੀ ਹੈ। ਹੈਂਪਟਨਜ਼ ਏਜੰਸੀ ਦੀ ਰਿਪੋਰਟ ਅਨੁਸਾਰ ਲੰਡਨ ਵਾਸੀਆਂ ਨੇ ਇਸ ਸਾਲ ਰਾਜਧਾਨੀ ਤੋਂ ਬਾਹਰ ਘਰਾਂ ‘ਤੇ ਸਮੂਹਿਕ ਤੌਰ ‘ਤੇ 28.7 ਬਿਲੀਅਨ ਪੌਂਡ ਖਰਚ ਕੀਤੇ ਹਨ, ਜੋ ਕਿ 2022 ਦੇ ਮੁਕਾਬਲੇ 11.7 ਬਿਲੀਅਨ ਪੌਂਡ ਘੱਟ ਸੀ, ਜਿਸ ਦਾ ਪਹਿਲਾ ਕਾਰਨ ਪੂਰੇ ਬਰਤਾਨੀਆ ਵਿਚ ਘਰਾਂ ਦੀ ਵਿਕਰੀ ਘੱਟ ਰਹੀ ਹੈ ਅਤੇ ਦੂਜਾ ਕਾਰਨ ਮੌਰਗੇਜ ਦਰਾਂ ਦਾ ਉੱਚਾ ਹੋਣਾ ਭਾਵ ਮਹਿੰਗਾ ਹੋਣਾ ਮੰਨਿਆ ਹੈ। ਇਸ ਸਾਲ ਦਾ ਕੁੱਲ 20.1 ਬਿਲੀਅਨ ਪੌਂਡ, ਜੋ 2021 ਵਿਚ ਲੰਡਨ ਤੋਂ ਬਾਹਰ ਜਾਣ ਲਈ ਖਰਚ ਕੀਤੇ ਕੁੱਲ 48.8 ਬਿਲੀਅਨ ਪੌਂਡ ਨਾਲੋਂ ਘੱਟ ਸੀ, ਜਦੋਂ ਕੋਰੋਨਾ ਮਹਾਮਾਰੀ ਦੌਰਾਨ ਵਾਧਾ ਹੋਇਆ ਸੀ ਙ 2023 ਦੌਰਾਨ ਰਾਜਧਾਨੀ ਤੋਂ ਬਾਹਰ ਲੰਡਨ ਵਾਸੀਆਂ ਦੁਆਰਾ ਖਰੀਦੇ ਗਏ ਘਰਾਂ ਦੀ ਅੰਦਾਜ਼ਨ ਗਿਣਤੀ 69,190 ਹੈ, ਜੋ ਕਿ 9 ਸਾਲਾਂ ਵਿਚ ਸਭ ਤੋਂ ਘੱਟ ਅੰਕੜਾ ਹੈ, ਇਸ ਤੋਂ ਪਹਿਲਾਂ 2014 ਵਿਚ ਕੁੱਲ 66,810 ਰਿਕਾਰਡ ਕੀਤੇ ਗਏ ਸਨ। 2021 ਵਿਚ ਇਹ ਗਿਣਤੀ 100,980 ਸੀ। ਲੰਡਨ ਛੱਡਣ ਵਾਲੇ ਤਿੰਨ-ਚੌਥਾਈ ਤੋਂ ਵੱਧ (77%) ਘਰ ਬਦਲਣ ਵਾਲਿਆਂ ਨੇ ਇਸ ਸਾਲ ਰਾਜਧਾਨੀ ਤੋਂ ਬਾਹਰ ਆਪਣੇ ਨਵੇਂ ਘਰਾਂ ‘ਤੇ ਘੱਟ ਖਰਚ ਕੀਤਾ ਹੈ। ਰਿਪੋਰਟ ਅਨੁਸਾਰ ਵੱਧ ਇਕੁਇਟੀ (ਘਰ ਦੀ ਕੁੱਲ ਬਾਕੀ ਮਾਰਟਗੇਜ ਅਤੇ ਵਿਕਰੀ ਵਿਚਕਾਰ ਦਾ ਮੁਨਾਫਾ) ਹੋਣ ਕਰਕੇ ਨਵਾਂ ਘਰ ਖਰੀਦਣ ਵਾਲੇ 81 ਫੀਸਦੀ ਲੋਕਾਂ ਨੇ ਬਿਨਾਂ ਮੌਰਗੇਜ ਘਰ ਖਰੀਦਣ ਨੂੰ ਤਰਜੀਹ ਦਿੱਤੀ ਹੈ, ਜਦਕਿ 2022 ਵਿਚ ਇਹ ਗਿਣਤੀ 51 ਫੀਸਦੀ ਸੀ। ਇਥੇ ਹੀ ਬੱਸ ਨਹੀਂ 10 ਵਿਚੋਂ 4 (41%) ਲੰਡਨ ਵਾਸੀਆਂ ਨੇ ਛੋਟੇ ਘਰ ਖਰੀਦੇ ਹਨ।