ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਪ੍ਰੋਸਟੇਟ ਕੈਂਸਰ ਹੋ ਜਾਣ ਦੀ ਖਬਰ ਹੈ। ਉਨ੍ਹਾਂ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਬਾਇਡਨ ਦੀ ਡਾਕਟਰੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਇਕ ਬਹੁਤ ਹੀ ਭਿਆਨਕ ਕਿਸਮ ਦਾ ਪ੍ਰੋਸਟੇਟ ਕੈਂਸਰ ਹੈ, ਜੋ ਹੱਡੀਆਂ ਤੱਕ ਫੈਲ ਚੁੱਕਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡਨ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਇਡਨ ਨੂੰ ਪ੍ਰੋਸਟੇਟ ਕੈਂਸਰ ਹੋਣ ਬਾਰੇ ਪਤਾ ਲੱਗਣ ‘ਤੇ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ। ਮੈਂ ਬਾਈਡਨ ਦੇ ਛੇਤੀ ਸਫਲ ਇਲਾਜ਼ ਦੀ ਆਸ ਕਰਦਾ ਹਾਂ। ਬਾਇਡਨ ਜਨਵਰੀ 2021 ਤੋਂ ਜਨਵਰੀ 2025 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਹਨ। ਨਵੰਬਰ 2024 ਦੀਆਂ ਆਮ ਚੋਣ ਮੁਹਿੰਮ ਦੌਰਾਨ ਭੁੱਲ ਜਾਣ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਮੁਕਾਬਲੇ ਵਿਚੋਂ ਹਟਣਾ ਪਿਆ ਸੀ ਤੇ ਉਨ੍ਹਾਂ ਦੀ ਜਗਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੋਣ ਲੜੀ ਸੀ।
ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੂੰ ਹੋਇਆ ਪ੍ਰੋਸਟੇਟ ਕੈਂਸਰ
