#PUNJAB

ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦੇਹਾਂਤ

ਪਟਿਆਲ਼ਾ, 29 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ’ਚ ਮੰਤਰੀ ਰਹੇ ਟਕਸਾਲੀ ਅਕਾਲੀ ਸੁਰਜੀਤ ਸਿੰਘ ਕੋਹਲੀ ਅਕਾਲ ਚਲਾਣਾ ਕਰ ਗਏ ਹਨ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਉਨ੍ਹਾਂ ਦੇ ਇਕ ਪੁੱਤਰ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਦੇ ਪਟਿਆਲ਼ਾ ਸ਼ਹਿਰੀ ਤੋਂ ਵਿਧਾਇਕ ਹਨ ਤੇ ਇਕ ਪੁੱਤਰ ਗੁਰਜੀਤ ਸਿੰਘ ਕੋਹਲੀ ਭਾਰਤੀ ਜਨਤਾ ਪਾਰਟੀ ’ਚ ਸੀਨੀਅਰ ਲੀਡਰ ਹਨ। ਸੁਰਜੀਤ ਸਿੰਘ ਕੋਹਲੀ ਵੱਡੇ ਟਰਾਂਸਪੋਟਰਾਂ ’ਚ ਗਿਣੇ ਜਾਂਦੇ ਰਹੇ ਹਨ।

ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਵਿਦੇਸ਼ ਵਿਚ ਹਨ, ਜੋ ਸ਼ੁੱਕਰਵਾਰ ਸ਼ਾਮ ਤੱਕ ਪਟਿਆਲਾ ਪੁੱਜਣਗੇ। ਇਸ ਕਰਕੇ ਸ੍ਰੀ ਕੋਹਲੀ ਦਾ ਅੰਤਿਮ ਸੰਸਕਾਰ ਸ਼ਨਿੱਚਰਵਾਰ 31 ਅਗਸਤ ਨੂੰ ਸ਼ਾਮ 4 ਵਜੇ ਬੀਰ ਜੀ ਸ਼ਮਸ਼ਾਨ ਘਾਟ, ਰਾਜਪੁਰਾ ਰੋਡ, ਪਟਿਆਲਾ ਵਿਖੇ ਕੀਤਾ ਜਾਵੇਗਾ।