ਐੱਸ.ਏ.ਐੱਸ. ਨਗਰ, 22 ਅਗਸਤ (ਪੰਜਾਬ ਮੇਲ)- ਪੰਜਾਬ ਦੀ ‘ਆਪ’ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ‘ਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਮੋਹਾਲੀ ਦੇ ਇਕ ਵਿਅਕਤੀ ਵੱਲੋਂ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਨਾਲ ਸੰਬੰਧਤ ਭ੍ਰਿਸ਼ਟਾਚਾਰੀ ਮਾਮਲੇ ਵਿਚ ਦਾਇਰ ਪੁਲਿਸ ਕਲੋਜ਼ਰ ਰਿਪੋਰਟ (ਕੈਂਸਲੇਸ਼ਨ ਰਿਪੋਰਟ) ਵਿਰੁੱਧ ਪ੍ਰੋਟੈਸਟ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਟੀਸ਼ਨਕਰਤਾ ਅਨੁਸਾਰ ਇਹ ਮਾਮਲਾ, ਜੋ ਕਿ ਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟਾਲਰੈਂਸ ਨੀਤੀ ਦਾ ਪ੍ਰਤੀਕ ਸੀ, ਹੁਣ ਵਿਜੈ ਸਿੰਗਲਾ ਦੀ ਆਵਾਜ਼ ਦੇ ਨਮੂਨਿਆਂ ਤੇ ਨਾਕਾਫ਼ੀ ਸਬੂਤ ਹੋਣ ਕਾਰਨ ਉਸ ਨੂੰ ਕਲੀਨ ਚਿੱਟ ਦਿੱਤੇ ਜਾਣ ‘ਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸ਼ੱਕ ਪੈਦਾ ਕਰਦਾ ਹੈ। ਇਸ ਮਾਮਲੇ ਵਿਚ ਪਟੀਸ਼ਨਕਰਤਾ ਵੱਲੋਂ ਫੋਰੈਂਸਿਕ ਰਿਪੋਰਟ ਨਾਲ ਛੇੜਛਾੜ ਦੇ ਤਾਜ਼ਾ ਦੋਸ਼ਾਂ ਨੇ ਇਸ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ।
ਦੱਸ ਦੇਈਏ ਕਿ ਇਹ ਘਪਲਾ ਮਈ 2022 ਦਾ ਹੈ, ਜਦੋਂ ਵਿਜੈ ਸਿੰਗਲਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ‘ਤੇ ਉਸ ਨੂੰ ਮੁੱਖ ਮੰਤਰੀ ਨੇ ਸਿਹਤ ਮੰਤਰੀ ਦੇ ਅਹੁਦੇ ਬਰਖਾਸਤ ਕਰ ਦਿੱਤਾ ਸੀ। ਹਾਈਕੋਰਟ ਨੇ ਉਕਤ ਮਾਮਲੇ ਸੰਬੰਧੀ ਸਟੇਟਸ ਰਿਪੋਰਟ ਮੰਗੀ ਹੈ ਤੇ ਮਾਮਲੇ ਨੂੰ 28 ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ। ਬੀਤੇ ਸੋਮਵਾਰ ਨੂੰ ਸੁਣਵਾਈ ਲਈ ਸੂਚੀਬੱਧ ਇਸ ਮਾਮਲੇ ਵਿਚ ਸੰਦੀਪ ਕੁਮਾਰ ਭਟਲਾ ਨੇ ਆਪਣੇ ਵਕੀਲ ਜਗਤਾਰ ਸਿੰਘ ਸਿੱਧੂ ਰਾਹੀਂ ਇਹ ਪਟੀਸ਼ਨ ਦਾਇਰ ਕੀਤੀ ਹੈ। ਜੇਕਰ ਐੱਫ.ਐੱਸ.ਐੱਲ. ਰਿਪੋਰਟ ਨਾਲ ਛੇੜਛਾੜ ਦੇ ਦੋਸ਼ ਕਾਇਮ ਰਹਿੰਦੇ ਹਨ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਦਾਲਤ ਵੱਲੋਂ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ ਜਾ ਸਕਦੇ ਹਨ।
ਸਾਬਕਾ ਮੰਤਰੀ ਵਿਜੈ ਸਿੰਗਲਾ ਨਾਲ ਸੰਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਪ੍ਰੋਟੈਸਟ ਪਟੀਸ਼ਨ ਦਾਇਰ
