ਸੈਕਰਾਮੈਂਟੋ, 5 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸਾਬਕਾ ਐੱਫ.ਬੀ.ਆਈ. ਏਜੰਟ ਤੇ ਅਲਾਬਾਮਾ ਸਟੇਟ ਸੈਨਿਕ ਨੂੰ ਬੱਚੇ ਨਾਲ ਬਦਫੈਲੀ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਕ੍ਰਿਸਟੋਫਰ ਬੌਰ (45) ਨੂੰ ਇਕ 12 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਨਾਲ ਤੀਸਰਾ ਦਰਜਾ ਬਦਫੈਲੀ ਤੇ ਸਰੀਰਕ ਸੋਸ਼ਣ ਦੇ ਦੋਸ਼ਾਂ ਤਹਿਤ ਅਲਾਬਾਮਾ ਸਰਕਟ ਕੋਰਟ ਨੇ ਸਜ਼ਾ ਸੁਣਾਈ। ਮੌਂਗੋਮਰੀ ਡਿਸਟ੍ਰਿਕਟ ਅਟਾਰਨੀ ਡੇਰਾਇਲ ਬੇਲੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ” ਇਹ ਗੱਲ ਹਮੇਸ਼ਾਂ ਚੁੱਭਦੀ ਹੈ ਤੇ ਨਿਰਾਸ਼ਾਜਨਕ ਹੈ ਕਿ ਕੋਈ ਵਿਅਕਤੀ ਜਿਸ ਨੇ ਕਾਨੂੰਨ ਦੀ ਰਖਿਆ ਕਰਨੀ ਹੁੰਦੀ ਹੈ, ਉਹ ਹੀ ਲੋਕਾਂ ਵਿਰੁੱਧ ਅਪਰਾਧ ਕਰਦਾ ਹੈ ਜਿਨਾਂ ਨੂੰ ਬਚਾਉਣ ਦੀ ਉਸ ਨੇ ਕਸਮ ਖਾਧੀ ਹੁੰਦੀ ਹੈ।” ਉਨਾਂ ਕਿਹਾ ਕਿ ” ਉਹ ਬੁਰਾ ਵਿਅਕਤੀ ਹੈ, ਇਕ ਦੁਰਾਚਾਰੀ ਰਾਖਸ਼ਸ਼ ਜਿਸ ਨੇ ਆਪਣੀ ਤਾਕਤ ਦੀ ਵਰਤੋਂ ਇਕ ਨਿਰਦੋਸ਼ ਤੇ ਲਾਚਾਰ ਬੱਚੇ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ। ਬੌਰਾ ਨੇ ਆਪਣੀ ਸਜ਼ਾ ਉਪਰ ਕੋਈ ਟਿੱਪਣੀ ਨਹੀਂ ਕੀਤੀ ਤੇ ਨਾ ਹੀ ਅਲਾਬਾਮਾ ਲਾਅ ਇਨਫੋਰਸਮੈਂਟ ਏਜੰਸੀ ਦੇ ਕਿਸੇ ਅਧਿਕਾਰੀ ਨੇ ਸਜ਼ਾ ਉਪਰ ਪ੍ਰਤੀਕਰਮ ਪ੍ਰਗਟ ਕੀਤਾ ਹੈ।