ਸਿਰਸਾ, 21 ਦਸੰਬਰ (ਪੰਜਾਬ ਮੇਲ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਅੱਜ ਇਥੇ ਉਨ੍ਹਾਂ ਦੇ ਪਿੰਡ ਤੇਜਾ ਖੇੜਾ ਵਿਚ ਪੂਰੇ ਰਾਜਸੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ ਕਈ ਸਿਆਸੀ ਆਗੂ ਸ਼ਾਮਲ ਹੋਏ। ਚੌਟਾਲਾ ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਰਕੇ 89 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਅੱਜ ਦਿਨੇਂ ਚੌਟਾਲਾ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਪਰਿਵਾਰ ਦੇ ਪਿੰਡ ਵਿਚਲੇ ਫਾਰਮ ਹਾਊਸ ’ਚ ਰੱਖਿਆ ਗਿਆ। ਉਪ ਰਾਸ਼ਟਰਪਤੀ ਧਨਖੜ, ਜੋ ਪੰਜਾਬ ਯੂਨੀਵਰਸਿਟੀ ਵਿਚ ਇਕ ਸਮਾਗਮ ਲਈ ਚੰਡੀਗੜ੍ਹ ਵਿਚ ਸਨ, ਬਾਅਦ ਦੁਪਹਿਰ ਆਪਣੀ ਪਤਨੀ ਸੁਦੇਸ਼ ਧਨਖੜ ਨਾਲ ਸਿਰਸਾ ਪਹੁੰਚੇ। ਅੰਤਿਮ ਸੰਸਕਾਰ ਲਈ ਓਮ ਪ੍ਰਕਾਸ਼ ਚੌਟਾਲਾ ਦੇ ਦੋਵੇਂ ਪੁੱਤਰ ਅਜੈ ਸਿੰਘ ਚੌਟਾਲਾ ਤੇ ਅਭੈ ਸਿੰਘ ਚੌਟਾਲਾ ਅਤੇ ਹੋਰ ਪਰਿਵਾਰਕ ਮੈਂਬਰ ਤੇਜਾ ਖੇੜਾ ਪਿੰਡ ਵਿਚ ਮੌਜੂਦ ਹਨ। ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲ ਤੇ ਕੁਮਾਰੀ ਸ਼ੈਲਜਾ ਨੇ ਵੀ ਫਾਰਮਹਾਊਸ ਪੁੱਜ ਕੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਵੱਡੀ ਗਿਣਤੀ ਲੋਕ ਮੌਜੂਦ ਸਨ। ਹਰਿਆਣਾ ਸਰਕਾਰ ਨੇ ਲੰਘੇ ਦਿਨ ਤਿੰਨ ਦਿਨਾ ਰਾਜਸੀ ਸੋਗ ਦਾ ਐਲਾਨ ਕੀਤਾ ਸੀ