ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀਆਂ ਚੋਣਾਂ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲਿਖਤੀ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਸੂਚੀਆਂ ਦੀ ਤਿਆਰੀ ਅਤੇ ਹੋਰ ਸਬੰਧਤ ਮਾਮਲਿਆਂ ਨੂੰ ਚੁਣੌਤੀ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਕਈ ਕੇਸ ਦਾਇਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਅਦਾਲਤ ਨੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਕਿਹਾ, ”ਸਰਕਾਰ ਨੇ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਕਿਰਿਆ ਗੁਰਦੁਆਰਾ ਚੋਣਾਂ ਲਈ ਮੁੱਖ ਕਮਿਸ਼ਨਰ ਨਿਯੁਕਤੀ ਲਈ ਨੋਟੀਫਿਕੇਸ਼ਨ ਤੇ ਵੱਖ-ਵੱਖ ਪਟੀਸ਼ਨਰਾਂ ਵੱਲੋਂ ਦਾਇਰ ਕਈ ਅਦਾਲਤੀ ਕੇਸਾਂ ‘ਚ ਸਬੰਧਤ ਮਾਮਲਿਆਂ ਦਾ ਨਿਬੇੜਾ ਹੋਣ ਮਗਰੋਂ ਸ਼ੁਰੂ ਕੀਤੀ ਗਈ ਹੈ।”
ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਵਿਚ ਇਹ ਪ੍ਰਬੰਧ ਹੈ ਕਿ ਮੁੱਖ ਕਮਿਸ਼ਨਰ ਵੱਲੋਂ ਨੋਟੀਫਿਕੇਸ਼ਨ ਰਾਹੀਂ ਐੱਸ.ਜੀ.ਪੀ.ਸੀ. ਬੋਰਡ ਦੀਆਂ ਚੋਣਾਂ ਦੇ ਵੱਖ-ਵੱਖ ਪੜਾਵਾਂ ਲਈ ਤਰੀਕ ਜਾਂ ਤਰੀਕਾਂ ਤੈਅ ਕੀਤੀਆਂ ਜਾਣਗੀਆਂ, ਜਿਸ ‘ਚ ਵੋਟਾਂ ਪੈਣ ਦੀ ਤਰੀਕ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਅਗਵਾਈ ਵਾਲਾ ਗੁਰਦੁਆਰਾ ਚੋਣ ਕਮਿਸ਼ਨ ਚੋਣਾਂ ਕਰਵਾਉਣ ਲਈ ਨਾਮਜ਼ਦ ਅਥਾਰਿਟੀ ਹੈ। ਇਸ ਮੁਤਾਬਕ ਸਰਕਾਰ ਨੇ ਮੁੱਖ ਕਮਿਸ਼ਨਰ ਨਿਯੁਕਤ ਕੀਤਾ ਹੈ, ਜਿਸ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸੂਬਾ ਸਰਕਾਰਾਂ ਦੇ ਨਾਲ-ਨਾਲ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਕ ਅਤੇ ਕਮਿਸ਼ਨਰ ਨੂੰ ਗੁਰਦੁਆਰਾ ਚੋਣਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਨੋਟੀਫਿਕੇਸ਼ਨਾਂ ਵਿਚ ਉਨ੍ਹਾਂ ਨੂੰ ਸਿੱਖ ਗੁਰਦੁਆਰਾ ਐਕਟ, 1925 ਦੀ ਧਾਰਾ 48 ਅਨੁਸਾਰ ਨਵੇਂ ਐੱਸ.ਜੀ.ਪੀ.ਸੀ. ਬੋਰਡ ਦੇ ਗਠਨ ਲਈ ਚੋਣਾਂ ਵਾਸਤੇ ਵੋਟਰ ਸੂਚੀਆਂ ਤਿਆਰ ਕਰਨੀਆਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਲਈ ਚੋਣ ਪ੍ਰਕਿਰਿਆ ਸ਼ੁਰੂ
