#PUNJAB

ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ Delhi ਰੋਸ ਮਾਰਚ ‘ਚ ਸ਼੍ਰੋਮਣੀ ਅਕਾਲੀ ਦਲ ਭਰਵੀਂ ਹਾਜ਼ਰੀ ਨਾਲ ਹੋਵੇਗਾ ਸ਼ਾਮਲ

– ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਉਚੇਚੀ ਇਕੱਤਰਤਾ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ
– ਹਰ ਹਲਕੇ ਤੋਂ ਬੱਸਾਂ ਰਾਹੀਂ ਅਕਾਲੀ ਵਰਕਰ ਦਿੱਲੀ ਰੋਸ ਮਾਰਚ ਵਿਚ ਕਰਨਗੇ ਸ਼ਮੂਲੀਅਤ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਮੇਲ)- ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਖੇ 20 ਦਸੰਬਰ ਨੂੰ ਕੀਤੇ ਜਾ ਰਹੇ ਰੋਸ ਮਾਰਚ ‘ਚ ਸ਼੍ਰੋਮਣੀ ਅਕਾਲੀ ਦਲ ਆਪਣੀ ਭਰਵੀਂ ਹਾਜ਼ਰੀ ਦਰਜ਼ ਕਰਵਾਏਗਾ। ਇਹ ਐਲਾਨ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ। ਇਸ ਇਕੱਤਰਤਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ਵਿਚ ਆਗੂ ਸ਼ਾਮਲ ਸਨ।
ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ 20 ਦਸੰਬਰ ਦੇ ਦਿੱਲੀ ਪ੍ਰਦਰਸ਼ਨ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਦਲ ਦੇ ਸਮੂਹ ਆਗੂ ਅਤੇ ਵਰਕਰ ਇਸ ਵਿਚ ਉਤਸ਼ਾਹ ਨਾਲ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਵਿਚ ਹਰ ਹਲਕੇ ਤੋਂ ਭਰਵੀਂ ਗਿਣਤੀ ਹਾਜ਼ਰੀ ਦਰਜ ਕਰਵਾਈ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਨੂੰ ਹਰ ਪੱਖ ਤੋਂ ਸਹਿਯੋਗ ਦਿੱਤਾ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪੰਥ ਦਾ ਨੁਮਾਇੰਦਾ ਰਾਜਸੀ ਦਲ ਹੈ, ਇਸ ਲਈ ਬੰਦੀ ਸਿੰਘਾਂ ਦੇ ਕੌਮੀ ਮੁੱਦੇ ‘ਤੇ ਆਪਣਾ ਫ਼ਰਜ਼ ਮੋਹਰੀ ਸਫਾ ‘ਚ ਨਿਭਾਏਗਾ। ਉਨ੍ਹਾਂ ਸਰਕਾਰਾਂ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ‘ਤੇ ਸਿੱਖ ਕੌਮ ਨਾਲ ਵਿਤਕਰਾ ਠੀਕ ਨਹੀਂ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਆਯੋਜਤ ਕੀਤੇ ਜਾ ਰਹੇ 20 ਦਸੰਬਰ ਦੇ ਦਿੱਲੀ ਰੋਸ ਮਾਰਚ ‘ਚ ਸਮਰਥਨ ਦੇਣ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਲੜਿਆ ਜਾ ਰਿਹਾ ਸੰਘਰਸ਼ ਹੈ, ਜੋ ਕੌਮੀ ਏਕੇ ਨਾਲ ਇਤਿਹਾਸਕ ਹਾਜ਼ਰੀ ਦਰਜ ਕਰਵਾਏਗਾ। ਉਨ੍ਹਾਂ ਕਿਹਾ ਕਿ ਇਹ ਰੋਸ ਮਾਰਚ ਸ਼ਾਂਤਮਈ ਤਰੀਕੇ ਨਾਲ ਆਪਣੇ ਆਪ ਵਿਚ ਇਕ ਮਿਸਾਲ ਸਾਬਤ ਹੋਵੇਗਾ।