#PUNJAB

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਵਾਰ ‘ਇਕ ਪਰਿਵਾਰ, ਇਕ ਟਿਕਟ’ ਦਾ ਫੈਸਲਾ

-ਬਾਦਲ ਪਰਿਵਾਰ ਵੱਲੋਂ ਸਿਰਫ਼ ਹਰਸਿਮਰਤ ਬਾਦਲ ਲੜ ਸਕਦੇ ਨੇ ਚੋਣ
-ਸੀਨੀਅਰ ਆਗੂ ਲੰਮੇ ਸਮੇਂ ਤੋਂ ਨਿਯਮ ਦੀ ਪਾਲਣਾ ਦੀ ਕਰ ਰਹੇ ਸੀ ਮੰਗ
ਚੰਡੀਗੜ੍ਹ, 21 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਪੰਜਾਬ ‘ਚ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮ ਦੀ ਪਾਲਣਾ ਕਰੇਗਾ। ਇਸ ਦਾ ਮਤਲਬ ਹੈ ਕਿ ਬਾਦਲ ਪਰਿਵਾਰ ‘ਚੋਂ ਕੋਈ ਇਕ ਹੀ ਵਿਅਕਤੀ ਚੋਣਾਂ ਲੜੇਗਾ। ਇਸ ਸਮੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਜਦਕਿ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਦਲ ਪਰਿਵਾਰ ਵੱਲੋਂ ਸਿਰਫ਼ ਹਰਸਿਮਰਤ ਕੌਰ ਬਾਦਲ ਹੀ ਚੋਣ ਲੜਨਗੇ। ਉਹ ਆਪਣੀ ਮੌਜੂਦਾ ਸੀਟ ਬਠਿੰਡਾ ਤੋਂ ਹੀ ਮੈਦਾਨ ‘ਚ ਨਿੱਤਰਨਗੇ। ਪਹਿਲਾਂ ਚਰਚੇ ਸਨ ਕਿ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਸਕਦੇ ਹਨ ਪਰ ਸੂਤਰਾਂ ਨੇ ਇਸ ਚਰਚਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਬਾਦਲ ਪਰਿਵਾਰ ਤੋਂ ਇਲਾਵਾ ਕਈ ਸੀਨੀਅਰ ਅਕਾਲੀ ਆਗੂ ਲੰਮੇ ਸਮੇਂ ਤੋਂ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮ ਦੀ ਵਕਾਲਤ ਕਰ ਰਹੇ ਸਨ। ਸਾਬਕਾ ਵਿਧਾਇਕ ਸਿਕੰਦਰ ਸਿੰਘ ਮਲੂਕਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ‘ਤੇ ਵਿਵਾਦ ਮਗਰੋਂ ਇਹ ਮੁੱਦਾ ਚੁੱਕਿਆ ਸੀ। ਸੂਤਰਾਂ ਨੇ ਦੱਸਿਆ ਕਿ ਪਾਰਟੀ ਅੰਦਰ ਇਹ ਘੁਸਰ-ਮੁਸਰ ਵੀ ਸੀ ਕਿ ਪਾਰਟੀ ‘ਤੇ ਸਿਰਫ਼ ਇਕ ਹੀ ਪਰਿਵਾਰ ਦਾ ਕਬਜ਼ਾ ਹੈ। ਇਸ ਤਰ੍ਹਾਂ ‘ਇਕ ਪਰਿਵਾਰ-ਇਕ ਟਿਕਟ’ ਦੇ ਨਿਯਮ ਦਾ ਪਾਲਣ ਕਰਨ ਦਾ ਫ਼ੈਸਲਾ ਲਿਆ ਗਿਆ। ਸੁਖਬੀਰ ਬਾਦਲ ਪਹਿਲਾਂ ਤੋਂ ਹੀ ਸੀਨੀਅਰ ਅਕਾਲੀ ਆਗੂਆਂ ਨਾਲ ਮਤਭੇਦ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਅਤੀਤ ਵਿਚ ਪਾਰਟੀ ਲੀਡਰਸ਼ਿਪ ਵੱਲੋਂ ਲਏ ਗਏ ਕਈ ਫ਼ੈਸਲਿਆਂ ‘ਤੇ ਅਫਸੋਸ ਵੀ ਜ਼ਾਹਿਰ ਕੀਤਾ ਹੈ। ਇਸ ਮਗਰੋਂ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਐੱਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਕਈ ਬਾਗੀ ਆਗੂ ਪਾਰਟੀ ‘ਚ ਮੁੜ ਆਏ ਹਨ।
ਭਾਜਪਾ ਨਾਲ ਗੱਠਜੋੜ ਬਾਰੇ ਕੋਈ ਆਖਰੀ ਫ਼ੈਸਲਾ ਨਹੀਂ ਹੋਇਆ ਹੈ। ਭਾਜਪਾ ਨੇ ਪਹਿਲਾਂ ਹੀ ਪਟਿਆਲਾ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ ਸੀਟਾਂ ਤੋਂ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਹੁਣ ਉਹ ਲੁਧਿਆਣਾ, ਜਲੰਧਰ ਤੇ ਫਿਰੋਜ਼ਪੁਰ ਸੀਟ ਨੂੰ ਲੈ ਕੇ ਵੀ ਉਤਸ਼ਾਹਿਤ ਹਨ। ਅਕਾਲੀ ਦਲ ਹਾਲਾਂਕਿ ਸੂਬੇ ਦੀਆਂ 13 ਲੋਕ ਸਭਾ ਸੀਟਾਂ ‘ਚੋਂ ਪੰਜ ਤੋਂ ਵੱਧ ਸੀਟਾਂ ਭਾਜਪਾ ਨਾਲ ਸਾਂਝੀਆਂ ਕਰਨ ਨੂੰ ਤਿਆਰ ਨਹੀਂ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਮੁੱਦਿਆਂ ਅਤੇ ਸਿੱਖ ਸਿਆਸੀ ਕੈਦੀਆਂ ਰਿਹਾਈ ‘ਤੇ ਵੀ ਭਾਜਪਾ ਤੋਂ ਪ੍ਰਤੀਬੱਧਤਾ ਚਾਹੁੰਦਾ ਹੈ।