ਵਾਸ਼ਿੰਗਟਨ, 26 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਸ਼ਾਸਕੀ ਹੁਕਮ ‘ਤੇ ਦਸਤਖਤ ਕੀਤੇ ਹਨ, ਜਿਸ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ‘ਟਿਕਟਾਕ’ ਨੂੰ ਅਮਰੀਕਾ ਦੇ ਕਾਨੂੰਨਾਂ ਰਾਹੀਂ ਤੈਅ ਕੀਤੀਆਂ ਗਈਆਂ ਕੌਮੀ ਸੁਰੱਖਿਆ ਚਿੰਤਾਵਾਂ ਨੂੰ ਪੂਰਾ ਕਰਦੇ ਹੋਏ ਇੱਥੇ ਸੰਚਾਲਨ ਜਾਰੀ ਰੱਖਣ ਦੀ ਇਜਾਜ਼ਤ ਹੋਵੇਗੀ।
ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਸਾਲ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਵਿਚ ਚੀਨੀ ਕੰਪਨੀ ‘ਬਾਈਟਡਾਂਸ’ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ‘ਟਿਕਟਾਕ’ ਦੀਆਂ ਸੰਪਤੀਆਂ ਕਿਸੇ ਅਮਰੀਕੀ ਕੰਪਨੀ ਨੂੰ ਵੇਚ ਦੇਵੇ, ਨਹੀਂ ਤਾਂ ਪੂਰੇ ਦੇਸ਼ ਵਿਚ ਐਪ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
ਹਾਲਾਂਕਿ, ਟਰੰਪ ਵਾਰ-ਵਾਰ ਅਜਿਹੇ ਆਦੇਸ਼ ਜਾਰੀ ਕਰਦੇ ਰਹੇ ਹਨ, ਜਿਨ੍ਹਾਂ ਨਾਲ ‘ਟਿਕਟਾਕ’ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਰਹੀ ਹੈ।
ਇਸ ਸਮਝੌਤੇ ਬਾਰੇ ਅਜੇ ਵੀ ਬਹੁਤ ਕੁਝ ਸਪੱਸ਼ਟ ਨਹੀਂ ਹੈ, ਪਰ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉੱਥੇ ਹੀ, ਵਾਸ਼ਿੰਗਟਨ ਸਥਿਤ ਚੀਨੀ ਦੂਤਾਵਾਸ ਨੇ ‘ਐਸੋਸੀਏਟਡ ਪ੍ਰੈੱਸ’ ਦੇ ਉਸ ਸਵਾਲ ਦਾ ਫਿਲਹਾਲ ਕੋਈ ਜਵਾਬ ਨਹੀਂ ਦਿੱਤਾ, ਜਿਸ ਵਿਚ ਪ੍ਰਸਤਾਵਿਤ ਸਮਝੌਤੇ ‘ਤੇ ਚੀਨ ਦੀ ਮਨਜ਼ੂਰੀ ਦੀ ਪੁਸ਼ਟੀ ਮੰਗੀ ਗਈ ਸੀ।
ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਨਵੀਂ ਅਮਰੀਕੀ ਕੰਪਨੀ ਦਾ ਮੁੱਲ ਲਗਪਗ 14 ਬਿਲੀਅਨ ਡਾਲਰ ਹੋਵੇਗਾ, ਜੋ ਕਿ ਪ੍ਰਸਿੱਧ ਛੋਟੇ ਵੀਡੀਓ ਐਪ ਲਈ ਕੁਝ ਵਿਸ਼ਲੇਸ਼ਕਾਂ ਦੇ ਅੰਦਾਜ਼ਿਆਂ ਨਾਲੋਂ ਬਹੁਤ ਘੱਟ ਕੀਮਤ ਹੈ।
ਸ਼ੀ ਜਿਨਪਿੰਗ ਵੱਲੋਂ ਟਿਕਟਾਕ ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਪ੍ਰਸਤਾਵਿਤ ਸੌਦੇ ਨੂੰ ਮਨਜ਼ੂਰੀ : ਟਰੰਪ
