#PUNJAB

ਸਵਰਗੀ ਗਾਇਕਾ ਗੁਰਮੀਤ ਬਾਵਾ ਦਾ ਪਰਿਵਾਰ ਵਿੱਤੀ ਸੰਕਟ ਦਾ ਸ਼ਿਕਾਰ

-ਪਰਿਵਾਰ ਦੀ ਆਮਦਨ ਦਾ ਸਾਧਨ ਬਣੀਆਂ ਦੁਕਾਨਾਂ ‘ਤੇ ਵੀ ਹੋਏ ਨਾਜਾਇਜ਼ ਕਬਜ਼ੇ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਮੇਲ)- ਪੰਜਾਬੀ ਲੋਕ ਗਾਇਕਾ ਸਵਰਗੀ ਗੁਰਮੀਤ ਬਾਵਾ ਜਿਸ ਨੂੰ ਕਈ ਖਿਤਾਬ ਮਿਲੇ ਹਨ, ਦਾ ਪਰਿਵਾਰ ਇਸ ਵੇਲੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਰਿਵਾਰ ਦੀ ਰੋਜ਼ੀ ਰੋਟੀ ਦਾ ਸਾਧਨ ਬਣੀਆਂ ਪੰਜ ਦੁਕਾਨਾਂ ‘ਤੇ ਵੀ ਨਾਜਾਇਜ਼ ਕਬਜ਼ੇ ਹਨ ਅਤੇ ਲੋਕ ਗੀਤਾਂ ਦਾ ਰੁਝਾਨ ਘੱਟ ਜਾਣ ਕਾਰਨ ਤੇ ਕੋਈ ਕੰਮ ਨਾ ਮਿਲਣ ਕਾਰਨ ਪਰਿਵਾਰ ਦੀ ਆਮਦਨ ਨਾਂਮਾਤਰ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਵਰਗੀ ਗੁਰਮੀਤ ਬਾਵਾ ਦੇ ਘਰ ਗਏ ਅਤੇ ਉਨ੍ਹਾਂ ਦੀ ਧੀ ਗਲੋਰੀ ਬਾਵਾ ਨੂੰ ਮਿਲੇ। ਉਨ੍ਹਾਂ ਨੇ ਆਪਣੀ ਤਨਖਾਹ ਵਿਚੋਂ ਇੱਕ ਲੱਖ ਰੁਪਏ ਦੀ ਮਾਇਕ ਮਦਦ ਪਰਿਵਾਰ ਨੂੰ ਪਾਲਣ-ਪੋਸ਼ਣ ਲਈ ਦਿੱਤੀ। ਇਸ ਮੌਕੇ ਉਨ੍ਹਾਂ ਰੈੱਡ ਕਰਾਸ ਅੰਮ੍ਰਿਤਸਰ ਵੱਲੋਂ ਵੀ ਇੱਕ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਸੌਂਪਿਆ ਗਿਆ। ਉਨ੍ਹਾਂ ਦੇ ਨਾਲ ਡੀ.ਸੀ. ਘਣਸ਼ਾਮ ਥੋਰੀ ਅਤੇ ਹੋਰ ਅਧਿਕਾਰੀ ਵੀ ਸਨ। ਜ਼ਿਕਰਯੋਗ ਹੈ ਕਿ ਲੋਕ ਗਾਇਕਾ ਗੁਰਮੀਤ ਬਾਵਾ ਦੀ ਮੌਤ 2021 ਵਿਚ ਹੋ ਗਈ ਸੀ ਅਤੇ ਸਾਲ ਬਾਅਦ ਕੇਂਦਰ ਸਰਕਾਰ ਨੇ ਉਸ ਨੂੰ ‘ਪਦਮ ਭੂਸ਼ਣ’ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਲੰਮੀ ਹੇਕ ਦੀ ਮਲਿਕਾ ਵਜੋਂ ਮਸ਼ਹੂਰ ਤੇ ਹੋਰ ਕਈ ਐਵਾਰਡਾਂ ਨਾਲ ਸਨਮਾਨਿਤ ਲੋਕ ਗਾਇਕਾ ਨੂੰ ਪੰਜਾਬ ਸਰਕਾਰ ਵੱਲੋਂ ਵੀ ਸਨਮਾਨਿਆ ਜਾ ਚੁੱਕਿਆ ਹੈ। ਸਾਲ ਪਹਿਲਾਂ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ ਦੀ ਵੀ ਮੌਤ ਹੋ ਗਈ ਸੀ। ਪਰਿਵਾਰ ਵਿਚ ਹੁਣ ਉਨ੍ਹਾਂ ਦੀਆਂ ਦੋ ਧੀਆਂ ਹਨ। ਸ਼੍ਰੀ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਗਲੋਰੀ ਬਾਵਾ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਸੀ। ਮਗਰੋਂ ਉਹ ਪੀੜਤ ਪਰਿਵਾਰ ਨੂੰ ਮਿਲਣ ਲਈ ਆਏ ਹਨ। ਇੱਥੇ ਆ ਕੇ ਇਹ ਸੁਣ ਕੇ ਮਨ ਹੋਰ ਵੀ ਬਹੁਤ ਦੁਖੀ ਹੋਇਆ ਕਿ ਪਰਿਵਾਰ ਦੀਆਂ ਪੰਜ ਦੁਕਾਨਾਂ ਜੋ ਇਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ, ਉੱਤੇ ਵੀ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗਲੋਰੀ ਬਾਵਾ ਆਪਣੀ ਭੈਣ ਡੌਲੀ ਦੀ ਮੌਤ ਮਗਰੋਂ ਦੋ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੀ ਹੈ।
ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨਾਲ ਦੁਕਾਨਾਂ ਦਾ ਕਿਰਾਇਆ ਦੇਣਾ ਸ਼ੁਰੂ ਕਰਨ ਜਾਂ ਦੁਕਾਨਾਂ ਖਾਲੀ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਇਸ ਮੌਕੇ ਪੰਜਾਬ ਦੇ ਗਾਇਕਾਂ ਖਾਸ ਕਰਕੇ ਨਵੀਂ ਪੀੜ੍ਹੀ ਦੇ ਗਾਇਕਾਂ ਨੂੰ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ। ਗਲੋਰੀ ਬਾਵਾ ਨੇ ਦੱਸਿਆ ਕਿ ਲੋਕ ਗੀਤਾਂ ਦਾ ਰੁਝਾਨ ਘਟ ਜਾਣ ਕਾਰਨ ਕੰਮ ਨਹੀਂ ਮਿਲ ਰਿਹਾ। ਦੁਕਾਨਾਂ ਦਾ ਕਿਰਾਇਆ ਵੀ ਨਹੀਂ ਮਿਲ ਰਿਹਾ ਅਤੇ ਵਿੱਤੀ ਸੰਕਟ ਵਧਦਾ ਜਾ ਰਿਹਾ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਗਾਇਕਾਂ ਲਈ ਪੈਨਸ਼ਨ ਸ਼ੁਰੂ ਕੀਤੀ ਜਾਵੇ।