#CANADA

ਸਰੀ ‘ਚ ਨਾਮਵਰ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ

ਸਰੀ, 15 ਜਨਵਰੀ (ਗੁਰਪ੍ਰੀਤ ਸਿੰਘ ਸਹੋਤਾ/ਪੰਜਾਬ ਮੇਲ)- ਸਰੀ ਦੀ 176 ਸਟਰੀਟ ਅਤੇ 35 ਐਵੇਨਿਊ ਦੇ ਕੋਲ ਦਿਨ-ਦਿਹਾੜੇ ਗੋਲੀਆਂ ਮਾਰ ਕੇ ਸਰੀ ਦੇ ਇੱਕ ਨਾਮਵਰ ਕਾਰੋਬਾਰੀ ਨੂੰ ਅਣਪਛਾਤੇ ਹਮਲਾਵਰਾਂ ਨੇ ਮਾਰ ਮੁਕਾਇਆ, ਜਿਸਦੀ ਪਛਾਣ ਸਟੂਡੀਓ-12 ਦੇ ਮਾਲਕ ਬਿੰਦਰ ਗਰਚਾ (48) ਵਜੋਂ ਹੋਈ ਹੈ।
ਵਾਰਦਾਤ ਮੌਕੇ 176 ਸਟਰੀਟ ‘ਤੇ ਗੱਡੀਆਂ-ਟਰੱਕਾਂ ਦੀ ਪੂਰੀ ਗਹਿਮਾ-ਗਹਿਮੀ ਸੀ ਕਿਉਂਕਿ ਇਹੀ ਸੜਕ ਅੱਗੇ ਜਾ ਕੇ ਅਮਰੀਕਨ ਸਰਹੱਦ ਨਾਲ ਜੁੜਦੀ ਹੈ।
ਇਹ ਵਾਰਦਾਤ ਉਸਦੇ ਫਾਰਮ ਦੇ ਗੇਟ ਲਾਗੇ ਵਾਪਰੀ। ਵੈਸੇ ਉਸਦੀ ਰਿਹਾਇਸ਼ ਸ਼ਹਿਰ ਵਿਚ ਹੈ।
ਪੁਲਿਸ ਨੂੰ ਇੱਕ ਸਾੜੀ ਗਈ ਕਾਰ 189 ਸਟਰੀਟ ਅਤੇ 40 ਐਵੇਨਿਊ ਕੋਲੋਂ ਮਿਲੀ ਹੈ, ਜੋ ਇਸ ਘਟਨਾ ਨਾਲ ਜੁੜੀ ਜਾਪਦੀ ਹੈ।
ਸਰੀ-ਵੈਨਕੂਵਰ ਇਲਾਕੇ ‘ਚ ਵਿਆਹਾਂ-ਪਾਰਟੀਆਂ ਦੀ ਵੀਡੀਓਗ੍ਰਾਫੀ-ਫੋਟੋਗ੍ਰਾਫੀ ਵਿਚ ਬਿੰਦਰ ਗਰਚਾ ਬਹੁਤ ਵੱਡਾ ਨਾਮ ਸੀ, ਜੋ ਅਨੇਕ ਸਾਲਾਂ ਤੋਂ ਭਾਈਚਾਰੇ ਨਾਲ ਜੁੜਿਆ ਹੋਇਆ ਬਹੁਤ ਹੀ ਨਿੱਘਾ ਤੇ ਮਿਲਾਪੜਾ ਇਨਸਾਨ ਸੀ। ਅੱਜ ਤੱਕ ਕਦੇ ਵੀ ਕਿਸੇ ਕੋਲੋਂ ਉਸ ਬਾਰੇ ਕਦੇ ਵੀ ਕੁਝ ਮਾੜਾ ਨਹੀਂ ਸੁਣਿਆ।
ਪੰਜਾਬ ਦੇ ਪਿੰਡ ਮੱਲ੍ਹਾ ਬੇਦੀਆਂ (ਸ਼ਹੀਦ ਭਗਤ ਸਿੰਘ ਨਗਰ) ਤੋਂ ਪਰਵਾਸ ਕਰਕੇ ਕੈਨੇਡਾ ਆਇਆ ਬਿੰਦਰ ਗਰਚਾ ਸਥਨਕ ਐਮਪ੍ਰੈੱਸ ਬੈਂਕੁਇਟ ਹਾਲ (ਪਾਇਲ ਬਿਜ਼ਨਸ ਸੈਂਟਰ) ਅਤੇ ਸਟੂਡੀਓ-12 ਲਿਮੋਜ਼ੀਨ ਦਾ ਵੀ ਮਾਲਕ ਸੀ। ਉਹ ਆਪਣੇ ਪਿੱਛੇ ਦੋ ਬੇਟੀਆਂ, ਇੱਕ ਬੇਟਾ, ਸੁਪਤਨੀ ਤੇ ਮਾਂ-ਬਾਪ ਸਮੇਤ ਆਪਣੇ ਦੋਸਤਾਂ ਤੇ ਗਾਹਕਾਂ ਦਾ ਬਹੁਤ ਹੀ ਵੱਡਾ ਘੇਰਾ ਛੱਡ ਗਿਆ ਹੈ।
ਪੁਲਿਸ ਨੇ ਹਾਲੇ ਕਤਲ ਦੇ ਕਾਰਨਾਂ ਬਾਰੇ ਕੋਈ ਇਸ਼ਾਰਾ ਨਹੀਂ ਦਿੱਤਾ।
ਇਸ ਕਤਲ ਨੇ ਸਥਾਨਕ ਭਾਈਚਾਰੇ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ ਹੈ। ਸਰਕਾਰਾਂ ਤੇ ਸੁਰੱਖਿਆ ਏਜੰਸੀਆਂ ਤੋਂ ਲੋਕ ਬੁਰੀ ਤਰ੍ਹਾਂ ਅੱਕੇ ਪਏ ਹਨ। ਹਰ ਮਨ ਵਿਚ ਇਹੀ ਸਵਾਲ ਹੈ ਕਿ ਇਹ ਕਾਰਵਾਈਆਂ ਰੁੱਕ ਕਿਉਂ ਨਹੀਂ ਰਹੀਆਂ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ!