ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸੰਨੀ ਓਬਰਾਏ ਸਵੈ ਰੋਜ਼ਗਾਰ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਨੌਜਵਾਨ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫ਼ਤ ਸਿਖਲਾਈ ਸੈਂਟਰ (ਸਿਲਾਈ, ਬਿਊਟੀ ਪਾਰਲਰ, ਕੰਪਿਊਟਰ) ਖੋਲ੍ਹੇ ਜਾ ਰਹੇ ਹਨ, ਤਾਂ ਜੋ ਇਹ ਨੌਜਵਾਨ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਇਸ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼੍ਰੀਮਤੀ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਬਿਊਟੀ ਪਾਰਲਰ ਸੈਂਟਰ ਦਾ 6 ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਪ੍ਰੀਖਿਆ ਲੈਣ ਤੋਂ ਬਾਅਦ ਆਈ.ਐੱਸ.ਓ. ਸਰਟੀਫਿਕੇਟ ਜਾਰੀ ਕੀਤੇ ਗਏ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਜਿਹੇ 8 ਮੁਫ਼ਤ ਸਿਖਲਾਈ ਸੈਂਟਰ ਚੱਲ ਰਹੇ ਹਨ ਅਤੇ ਇਸ ਤੋਂ ਪਹਿਲਾਂ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਮੁਫ਼ਤ ਕੋਰਸ ਕਰਕੇ ਆਪਣੇ ਪਰਿਵਾਰਾਂ ਦਾ ਵਧੀਆ ਪਾਲਣ-ਪੋਸ਼ਣ ਕਰ ਰਹੇ ਹਨ। ਜਸਪਾਲ ਸਿੰਘ ਰਿਟਾਇਰਡ ਲੈਕਚਰਾਰ ਸੀਨੀਅਰ ਮੀਤ ਪ੍ਰਧਾਨ ਅਤੇ ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ ਸਿੱਖਿਆ ਸਲਾਹਕਾਰ ਨੇ ਕਿਹਾ ਕਿ ਅਜਿਹੇ ਉਪਰਾਲੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਸਹਾਈ ਹੋ ਰਹੇ ਹਨ ਅਤੇ ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਦਾ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਚਰਨ ਸਿੰਘ ਭੋਣ (ਸਰਕਾਰੀ ਅਧਿਆਪਕ), ਸੋਮਨਾਥ, ਮੈਡਮ ਮਨਿੰਦਰ ਕੌਰ ਸੈਂਟਰ ਕੰਟਰੋਲਰ, ਪ੍ਰਿੰਸੀਪਲ ਬਿੰਦਰ ਪਾਲ ਕੌਰ ਸਿੱਖਿਆ ਸਲਾਹਕਾਰ, ਮੈਡਮ ਅਨੀਤਾ ਰਾਣੀ ਬਿਊਟੀ ਪਾਰਲਰ ਸੈਂਟਰ ਦੀ ਅਧਿਆਪਕ ਆਦਿ ਹਾਜ਼ਰ ਸਨ।