#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਨੂੰ ਘਰ ਬਣਾਉਣ ਲਈ ਦਿੱਤੀ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਕਾਰਜ ਜਾਰੀ ਹਨ। ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਾਕਟਰ ਰਜਿੰਦਰ ਸਿੰਘ ਅਟਵਾਲ ਦੀ ਰਹਿਨੁਮਾਈ ਹੇਠ ਪਿੰਡ ਔਲਖ (ਮਲੋਟ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ ਨੇ ਦੱਸਿਆ ਕਿ ਪਿਛਲੇ ਸਾਲ ਬਾਰਸ਼ਾਂ ਦਰਮਿਆਨ ਪਿੰਡ ਔਲਖ ਦੇ ਇੱਕ ਪਰਿਵਾਰ ਦਾ ਮਕਾਨ ਨਸ਼ਟ ਹੋ ਗਿਆ ਸੀ, ਤਾਂ ਪਰਿਵਾਰ ਨੀਲੀ ਛੱਤ ਹੇਠਾਂ ਦਿਨ ਕੱਟਣ ਲਈ ਮਜਬੂਰ ਸੀ, ਤਾਂ ਪਿੰਡ ਵਾਸੀਆਂ ਵੱਲੋਂ ਇੱਕ ਦਰਖਾਸਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐੱਸ.ਪੀ. ਸਿੰਘ ਓਬਰਾਏ ਜੀ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਰਾਹੀਂ ਮਕਾਨ ਬਣਾਉਣ ਲਈ ਬੇਨਤੀ ਪੱਤਰ ਲਿਖਿਆ ਗਿਆ ਸੀ। ਲੋੜੀਂਦੀ ਕਾਰਵਾਈ ਤੋਂ ਬਾਅਦ ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਤੁਰੰਤ ਪਰਿਵਾਰ ਨੂੰ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ, ਤਾਂ ਜੋ ਇਹ ਪਰਿਵਾਰ ਆਪਣਾ ਨਵਾਂ ਮਕਾਨ ਬਣਾ ਸਕੇ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਰਿਵਾਰ ਨੂੰ ਸਹਾਇਤਾ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਉਪਰੰਤ ਪਰਿਵਾਰ ਵੱਲੋਂ ਅਤੇ ਔਲਖ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਕਰੋੜਾਂ ਦੀ ਰਾਸ਼ੀ ਡਾਕਟਰ ਓਬਰਾਏ ਵਲੋਂ ਦਿੱਤੀ ਜਾ ਚੁੱਕੀ ਹੈ।