ਲੋੜ ਪੈਣ ‘ਤੇ ਸ੍ਰੀ ਮੁਕਤਸਰ ਸਾਹਿਬ ਟੀਮ ਕਰੇਗੀ ਵਲੰਟੀਅਰ ਸੇਵਾ – ਅਰਵਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ
ਸ੍ਰੀ ਮੁਕਤਸਰ ਸਾਹਿਬ, 29 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਕਾਰਜ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਅੰਦਰ ਹੜ੍ਹ ਪੀੜਤਾਂ ਦੀ ਮਦਦ ਲਈ ਵੱਡੀ ਪੱਧਰ ‘ਤੇ ਇੰਤਜ਼ਾਮ ਕੀਤੇ ਜਾ ਰਹੇ ਹਨ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਟਰੱਸਟ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਢ ਕਰੋੜ ਰੁਪਏ ਤੁਰੰਤ ਜਾਰੀ ਕਰ ਦਿੱਤੇ ਗਏ ਹਨ ਅਤੇ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੀ ਰਹਿਨੁਮਾਈ ਹੇਠ ਵੱਡੀ ਪੱਧਰ ‘ਤੇ ਲੋੜੀਂਦਾ ਸਾਮਾਨ (ਮੱਛਰਦਾਨੀ, ਕੰਬਲ, ਦਵਾਈਆਂ, ਰਾਸ਼ਣ ਕਿੱਟਾ, ਹਰਾ ਚਾਰਾ, ਤਰਪਾਲਾਂ, ਸਾਫ਼ ਪਾਣੀ) ਭੇਜਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਹੜ੍ਹ ਪੀੜਤ ਇਲਾਕਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੂਰੀ ਟੀਮ ਵੱਲੋਂ ਹੜ੍ਹ ਪੀੜਤਾਂ ਲਈ ਕੰਮ ਕਰ ਰਹੀਆਂ ਟਰੱਸਟ ਦੀਆਂ ਟੀਮਾਂ ਨੂੰ ਵਲੰਟੀਅਰ ਤੌਰ ‘ਤੇ ਕੰਮ ਕਰਨ ਲਈ ਸੁਨੇਹੇ ਭੇਜ ਦਿੱਤੇ ਗਏ ਹਨ, ਤਾਂ ਜੋ ਹੰਗਾਮੀ ਹਾਲਤ ਵਿਚ ਮਦਦ ਕੀਤੀ ਜਾ ਸਕੇ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਟਰੱਸਟ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਜ਼ਰੂਰਤ ਅਨੁਸਾਰ ਰਿਪੇਅਰ ਵੀ ਕਰਵਾਏ ਗਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ। ਇਹ ਸਾਰਾ ਖਰਚ ਡਾਕਟਰ ਓਬਰਾਏ ਵਲੋਂ ਅਪਣੀ ਨੇਕ ਕਮਾਈ ਵਿਚੋਂ 98% ਹਿੱਸਾ ਕੱਢ ਕੇ ਕੀਤਾ ਜਾਂਦਾ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸਮੂਹ ਸੇਵਾਦਾਰ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ; ਡਾ. ਓਬਰਾਏ ਵੱਲੋਂ 1.5 ਕਰੋੜ ਤੁਰੰਤ ਰਿਲੀਜ਼
