#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਸ਼ਿਆਰਪੁਰ ਵਿਖੇ ਖੋਲਿਆ ਗਿਆ ਇੱਕ ਮੁਫਤ ਕੰਪਿਊਟਰ ਸੈਂਟਰ ਅਤੇ ਧਰਮਸ਼ਾਲਾ ਨੂੰ ਭੇਂਟ ਕੀਤੀ ਗਈ ਐਂਬੂਲੈਂਸ ਵੈਨ

ਹੁਸ਼ਿਆਰਪੁਰ, 29 ਮਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਸ਼ਿਆਰਪੁਰ ਵਿਖੇ ਇੱਕ ਕੰਪਿਊਟਰ ਸੈਂਟਰ ਵਿੱਦਿਆ ਮੰਦਰ ਸਕੂਲ ਵਿੱਚ ਖੋਲਿਆ ਗਿਆ ਅਤੇ ਇੱਕ ਐਂਬੂਲੈਂਸ ਵੈਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮਸ਼ਾਲਾ, ਖੁਰਾਲਗੜ  ਸਾਹਿਬ ਨੂੰ ਦਿੱਤੀ ਗਈ,  ਜਿਸ ਦਾ ਉਦਘਾਟਨ ਸਾਂਝੇ ਤੌਰ ਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਮਿਸ ਕੋਮਲ ਮਿੱਤਲ (ਡੀ.ਸੀ. ਹੁਸ਼ਿਆਰਪੁਰ) ਅਤੇ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਇਸ ਕੰਪਿਊਟਰ ਸੈਂਟਰ ਨੂੰ ਡੌਲੀ ਚੀਮਾ ਚਲਾਉਣਗੇ ਜਿਹੜੀ ਕਿ ਇੱਕ ਸਮਾਜ ਸੇਵੀ ਅਤੇ ਕਾਰੋਬਾਰੀ ਮਹਿਲਾ ਹਨ।  ਇਸ ਕੰਪਿਊਟਰ ਸੈਂਟਰ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਲੜਕੀਆਂ ਨੂੰ ਫਰੀ ਕੰਪਿਊਟਰ ਸਿੱਖਿਆ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਸੈਂਟਰ ਵਿੱਚ ਤਕਰੀਬਨ 40 ਵਿਦਿਆਰਥਣਾਂ ਦੀ ਫਰੀ ਐਡਮਿਸ਼ਨ ਹੋ ਚੁੱਕੀ ਹੈ। ਵਿੱਦਿਆ ਮੰਦਰ ਸਕੂਲ ਤੋਂ ਸ੍ਰੀ ਅਨੁਰਾਗ ਸੂਦ, ਸਕੂਲ ਦੀ ਮੈਨੇਜਮੈਂਟ ਅਤੇ ਸਾਰੀ ਟੀਮ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਉਪਰਾਲੇ ਲਈ ਡਾ. ਐਸ.ਪੀ. ਸਿੰਘ ਉਬਰਾਏ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਡਾ. ਐਸ.ਪੀ. ਸਿੰਘ ਉਬਰਾਏ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਉਸ ਦੀ ਤੁਲਨਾ ਕਿਸੇ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਈ ਲੋਕਾਂ ਵਿੱਚ ਥੋੜਾ ਜਿਹਾ ਦਾਨ ਕੇ ਹਊਮੈ ਆ ਜਾਂਦੀ ਹੈ ਪਰ ਇੱਕ ਡਾ. ਐਸ.ਪੀ. ਸਿੰਘ ਉਬਰਾਏ ਹਨ ਜਿਹੜੇ ਕਿ ਆਪਣੀ ਆਮਦਨ ਵਿੱਚੋਂ 98 ਪ੍ਰਤੀਸ਼ਤ ਹਿੱਸਾ ਦਾਨ ਵਜੋਂ ਦਿੰਦੇ ਹਨ ਪਰ ਉਨ੍ਹਾਂ ਵਿੱਚ ਕਦੇ ਵੀ ਹਊਮੇ ਨਹੀਂ ਦੇਖੀ ਗਈ।
ਇਸ ਮੌਕੇ ਡੀ.ਸੀ. ਹੁਸ਼ਿਆਰਪੁਰ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਮੈਂ ਪਹਿਲਾਂ ਐਸ.ਡੀ.ਐਮ. ਮੁਕੇਰੀਆਂ ਵਿੱਚ ਸੀ ਅਤੇ ਮੇਰੇ ਹਸਬੈਂਡ ਐਸ.ਡੀ.ਐਮ. ਦਸੂਹਾ ਵਿੱਚ ਸੀ। ਉਸ ਸਮੇਂ ਉਨ੍ਹਾਂ ਨੇ ਸ੍ਰ. ਉਬਰਾਏ ਤੋਂ ਇੱਕ ਡਾਇਲਸਿਸ ਮਸ਼ੀਨ ਦੀ ਮੰਗ ਕੀਤੀ ਜੋ ਕਿ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਇੱਕ ਹਫਤੇ ਦੇ ਅੰਦਰ ਅੰਦਰ ਹੀ ਲਗਾ ਦਿੱਤੀ ਗਈ। ਜਿਸ ਕਾਰਨ ਮੈਂ ਉਦੋਂ ਤੋਂ ਹੀ ਡਾ. ਉਬਰਾਏ ਜੀ ਤੋਂ ਬਹੁਤ ਪ੍ਰਭਾਵਿਤ ਹਾਂ। ਇਸ ਤੋਂ ਬਾਅਦ ਡੀ.ਸੀ. ਮੈਡਮ ਨੇ ਡਾ. ਉਬਰਾਏ ਨੂੰ ਓਲਡ ਏਜ ਹੋਮ ਅਤੇ ਅਨਾਥ ਬੱਚਿਆਂ ਦਾ ਸਕੂਲ ਦਿਖਾਇਆ, ਜਿਸ ਵਿਚ ਪਹਿਲਾਂ ਹੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਕਈ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਡਾ. ਉਬਰਾਏ ਨੇ ਅੱਗੇ ਵੀ ਹੋਰ ਕਈ ਸੇਵਾਵਾਂ ਕਰਨ ਵਿੱਚ ਆਪਣੀ ਰੁਚੀ ਦਿਖਾਈ।
ਇਸ ਮੌਕੇ ਜ਼ਿਲਾ ਪ੍ਰਧਾਨ ਸ੍ਰ. ਆਗਿਆ ਪਾਲ ਸਿੰਘ ਸਾਹਨੀ, ਅਵਤਾਰ ਸਿੰਘ ਸੈਕਟਰੀ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਸ਼ੋਤਮ ਅਰੋੜਾ, ਸੰਜੀਵ ਅਰੋੜਾ, ਜੇ.ਐਸ. ਢਿਲੋ, ਦਿਲਰਾਜ ਸਿੰਘ, ਜੰਡਾ ਜੀ, ਨਰਿੰਦਰ ਸਿੰਘ ਅਤੇ ਨਰਿੰਦਰ ਤੂਰ ਤੋਂ ਇਲਾਵਾ ਕਈ ਨਾਮਵਰ ਸ਼ਖਸੀਅਤਾਂ ਹਾਜਰ ਸਨ।

Leave a comment