– ਸੂਬੇ ਦੇ 3.54 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ
– ਹੜ੍ਹਾਂ ਕਾਰਨ ਹੁਣ ਤੱਕ ਗਈਆਂ 30 ਜਾਨਾਂ : ਰਿਪੋਰਟ
– ਫ਼ੌਜ, ਐੱਨ.ਡੀ.ਆਰ.ਐੱਫ. ਅਤੇ ਪੁਲਿਸ ਦੀਆਂ ਟੀਮਾਂ ਵੀ ਰਾਹਤ ਕੰਮਾਂ ‘ਚ ਜੁੱਟੀਆਂ
ਚੰਡੀਗੜ੍ਹ, 3 ਸਤੰਬਰ (ਪੰਜਾਬ ਮੇਲ)- ਭਿਆਨਕ ਹੜ੍ਹਾਂ ਨੇ ਹੁਣ ਸਮੁੱਚਾ ਪੰਜਾਬ ਆਪਣੀ ਲਪੇਟ ‘ਚ ਲੈ ਲਿਆ ਹੈ। ਪਹਿਲਾਂ ਪਹਾੜਾਂ ਦੇ ਪਾਣੀ ਨੇ ਮਾਰ ਕੀਤੀ ਸੀ ਅਤੇ ਹੁਣ ਸੂਬੇ ‘ਚ ਪਏ ਭਾਰੀ ਮੀਂਹ ਕਾਰਨ ਸੂਬੇ ਦਾ ਹਰ ਜ਼ਿਲ੍ਹਾ ਹੜ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ‘ਚ 1400 ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਜਦੋਂ ਕਿ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੋਂ ਦੇ 324 ਪਿੰਡ ਲਪੇਟ ‘ਚ ਆਏ ਹਨ। ਅੰਮ੍ਰਿਤਸਰ ਦੇ 135 ਪਿੰਡ ਅਤੇ ਹੁਸ਼ਿਆਰਪੁਰ ਦੇ 119 ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਸਰਕਾਰੀ ਰਿਪੋਰਟ ਅਨੁਸਾਰ ਹੜ੍ਹਾਂ ਕਾਰਨ ਹੁਣ ਤੱਕ 30 ਜਾਨਾਂ ਚਲੀਆਂ ਗਈਆਂ ਹਨ। ਲੁਧਿਆਣਾ ਜ਼ਿਲ੍ਹੇ ‘ਚ ਤਿੰਨ ਬੱਚੇ ਕਰੰਟ ਲੱਗਣ ਅਤੇ ਛੱਤ ਡਿੱਗਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਸੂਬੇ ਦੇ 3.54 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੁਣ ਤੱਕ ਪਾਣੀ ‘ਚ ਫਸੇ 19,597 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ 171 ਰਾਹਤ ਕੈਂਪਾਂ ‘ਚ 5,167 ਲੋਕ ਪਹੁੰਚਾਏ ਗਏ ਹਨ। ਸੂਬੇ ‘ਚ ਹੜ੍ਹਾਂ ਦਾ ਖ਼ਤਰਾ ਹਾਲੇ ਘਟਿਆ ਨਹੀਂ ਹੈ ਕਿਉਂਕਿ ਘੱਗਰ ਦਾ ਪਾਣੀ ਹੁਣ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ, ਜਦੋਂਕਿ ਸਤਲੁਜ ਦਰਿਆ ‘ਚ ਵਧੇ ਪਾਣੀ ਨੇ ਸੈਂਕੜੇ ਪਿੰਡਾਂ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।
ਬੇਸ਼ੱਕ ਮੀਂਹ ਦੀ ਤੇਜ਼ ਰਫ਼ਤਾਰ ਨੂੰ ਠੱਲ੍ਹ ਪਈ ਹੈ ਪ੍ਰੰਤੂ ਕਪੂਰਥਲਾ ਤੇ ਰੋਪੜ ਜ਼ਿਲ੍ਹੇ ‘ਚ ਸਤਲੁਜ ਨੇੜਲੇ ਖ਼ਿੱਤਿਆਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਿਵਲ ਤੇ ਪੁਲਿਸ ਪ੍ਰਸ਼ਾਸਨ ਸਤਲੁਜ ‘ਤੇ ਬਣੇ ਬੰਨ੍ਹਾਂ ‘ਤੇ ਨਜ਼ਰ ਰੱਖ ਰਹੇ ਹਨ। ਮੌਸਮ ਵਿਭਾਗ ਨੇ ਪਠਾਨਕੋਟ ਤੇ ਗੁਰਦਾਸਪੁਰ ‘ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪਹਾੜਾਂ ਤੋਂ ਇਲਾਵਾ ਪੰਜਾਬ ‘ਚ ਪਈ ਬਾਰਸ਼ ਨੇ ਸਤਲੁਜ ਤੇ ਘੱਗਰ ‘ਚ ਪਾਣੀ ਦੀ ਮਾਤਰਾ ਇਕਦਮ ਵਧਾ ਦਿੱਤੀ ਹੈ।
ਵੇਰਵਿਆਂ ਅਨੁਸਾਰ ਘੱਗਰ ‘ਚ ਮੀਂਹ ਦੇ ਪਾਣੀ ਅਤੇ ਟਾਂਗਰੀ-ਮਾਰਕੰਡਾ ਦੇ ਪਾਣੀ ਨੇ ਉਛਾਲ ਲਿਆਂਦਾ ਹੈ। ਜਲ ਸਰੋਤ ਵਿਭਾਗ ਨੇ ਘੱਗਰ ‘ਤੇ 24 ਘੰਟੇ ਲਈ ਮੁਲਾਜ਼ਮਾਂ ਤੇ ਅਫ਼ਸਰਾਂ ਦੀ ਤਾਇਨਾਤੀ ਕਰ ਦਿੱਤੀ ਹੈ। ਘੱਗਰ ‘ਚ 8,722 ਕਿਊਸਕ ਪਾਣੀ ਆਇਆ ਸੀ ਪ੍ਰੰਤੂ ਪਿਛਲੇ ਦਿਨਾਂ ‘ਚ 70 ਹਜ਼ਾਰ ਕਿਊਸਕ ਪਾਣੀ ਚੱਲਣ ਕਰਕੇ ਖਨੌਰੀ ਲਾਗੇ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ। ਖਨੌਰੀ ‘ਚ 748 ਫੁੱਟ ‘ਤੇ ਖ਼ਤਰੇ ਦਾ ਨਿਸ਼ਾਨ ਹੈ ਅਤੇ ਇਸ ਵੇਲੇ ਪਾਣੀ 747.8 ਫੁੱਟ ‘ਤੇ ਪਹੁੰਚ ਗਿਆ ਹੈ। ਸਰਦੂਲਗੜ੍ਹ ਕੋਲ ਖ਼ਤਰੇ ਦਾ ਨਿਸ਼ਾਨ 20 ਫੁੱਟ ‘ਤੇ ਹੈ ਅਤੇ ਪਾਣੀ 19.3 ਫੁੱਟ ਤੱਕ ਚੜ੍ਹ ਗਿਆ ਹੈ।

ਘੱਗਰ ਲਈ ਵੱਡਾ ਖ਼ਤਰਾ ਟਾਂਗਰੀ ਤੇ ਮਾਰਕੰਡਾ ਨਦੀ ਬਣੀ ਹੈ। ਟਾਂਗਰੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ ਅਤੇ ਇਸ ਵੇਲੇ 41,396 ਕਿਊਸਕ ਪਾਣੀ ਚੱਲ ਰਿਹਾ ਹੈ। ਮਾਰਕੰਡਾ ‘ਚ ਖ਼ਤਰੇ ਦੇ ਨਿਸ਼ਾਨ 22 ਫੁੱਟ ਦੀ ਥਾਂ ‘ਤੇ ਇਸ ਵੇਲੇ 21.4 ਫੁੱਟ ਪਾਣੀ ਚੱਲ ਰਿਹਾ ਹੈ। ਕੈਬਨਿਟ ਮੰਤਰੀਆਂ ਬਰਿੰਦਰ ਕੁਮਾਰ ਗੋਇਲ ਅਤੇ ਅਮਨ ਅਰੋੜਾ ਨੇ ਘੱਗਰ ਦੇ ਖ਼ਤਰੇ ਦੇ ਮੱਦੇਨਜ਼ਰ ਪਿੰਡ ਮਕਰੋੜ ਸਾਹਿਬ ਕੋਲ ਘੱਗਰ ਦੇ ਪਾਣੀ ਦਾ ਜਾਇਜ਼ਾ ਲਿਆ। ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ‘ਚ ਘੱਗਰ ਨੇ ਲੋਕਾਂ ਦੇ ਸਾਹ ਸੂਤ ਦਿੱਤੇ ਹਨ। ਮਾਲਵਾ ਖ਼ਿੱਤਾ ਇਸ ਵੇਲੇ ਘੱਗਰ ਕਾਰਨ ਜ਼ੋਖ਼ਮ ‘ਚੋਂ ਗੁਜ਼ਰ ਰਿਹਾ ਹੈ। ਸਤਲੁਜ ਦਰਿਆ ਦਾ ਪਾਣੀ ਵੀ ਖ਼ਤਰੇ ਦੇ ਨਿਸ਼ਾਨ ‘ਤੇ ਚੱਲ ਰਿਹਾ ਹੈ। ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1677.29 ਫੁੱਟ ਹੈ ਅਤੇ ਪਹਾੜਾਂ ‘ਚੋਂ ਹਾਲੇ ਵੀ ਇੱਕ ਲੱਖ ਕਿਊਸਕ ਪਾਣੀ ਦੀ ਡੈਮ ‘ਚ ਆਮਦ ਹੈ। ਭਾਖੜਾ ‘ਚੋਂ ਸਤਲੁਜ ‘ਚ ਇਸ ਵੇਲੇ 65 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਕੰਢੀ ਖੇਤਰ ‘ਚ ਮੀਂਹ ਪੈਣ ਕਾਰਨ ਚੋਆਂ ਦਾ ਪਾਣੀ 24 ਘੰਟੇ ਤੋਂ ਇਕੱਠਾ ਹੋ ਕੇ ਸਤਲੁਜ ਵਿਚ ਪੈ ਰਿਹਾ ਹੈ, ਜਿਸ ਨਾਲ ਸਤਲੁਜ ‘ਚ ਪਾਣੀ 80 ਹਜ਼ਾਰ ਕਿਊਸਕ ਹੋ ਗਿਆ ਹੈ। ਚਿੱਟੀ ਵੇਈਂ ਤੇ ਕਾਲੀ ਵੇਈਂ ਵੀ ਓਵਰਫ਼ਲੋਅ ਹੋ ਗਈ ਹੈ ਅਤੇ ਚਿੱਟੀ ਵੇਈਂ ਦਾ ਪਾਣੀ ਵੀ ਗਿੱਦੜਪਿੰਡੀ ਕੋਲ ਸਤਲੁਜ ‘ਚ ਪਿਆ ਹੈ। ਗਿੱਦੜਪਿੰਡੀ ਕੋਲ ਸਤਲੁਜ ‘ਚ ਡੇਢ ਲੱਖ ਕਿਊਸਕ ਪਾਣੀ ਚੱਲ ਰਿਹਾ ਹੈ।
ਦੂਜੇ ਪਾਸੇ ਪੌਂਗ ਡੈਮ ਤੋਂ ਪਾਣੀ ਘਟਾਏ ਜਾਣ ਦੇ ਬਾਵਜੂਦ ਬਿਆਸ ਦਰਿਆ ‘ਚ ਪਾਣੀ ਪੌਣੇ ਦੋ ਲੱਖ ਕਿਊਸਕ ਹੋ ਗਿਆ ਹੈ। ਪੰਜਾਬ ਸਰਕਾਰ ਦੀ ਬੇਚੈਨੀ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਹਰੀਕੇ ਕੋਲ ਬਿਆਸ ਤੇ ਸਤਲੁਜ ਦਾ ਪਾਣੀ ਮਿਲ ਕੇ ਤਿੰਨ ਲੱਖ ਕਿਊਸਕ ਨੂੰ ਪਾਰ ਕਰ ਚੁੱਕਾ ਹੈ। ਸਤਲੁਜ ਦਰਿਆ ‘ਤੇ ਰੋਪੜ ਦੇ ਚਮਕੌਰ ਸਾਹਿਬ ਕੋਲ ਅਤੇ ਇਸੇ ਤਰ੍ਹਾਂ ਨਵਾਂਸ਼ਹਿਰ ਵਿਚ ਇੱਕ ਥਾਂ ਤੋਂ ਪੱਥਰਾਂ ਦੀ ਕੰਧ ਵਹਿਣ ਲੱਗ ਪਈ ਹੈ, ਜਿਸ ਨੂੰ ਰੋਕਣ ਲਈ ਕੰਮ ਚੱਲ ਰਿਹਾ ਹੈ। ਰੋਪੜ ਦੇ ਪਿੰਡ ਦਾਊਦਪੁਰ ਕੋਲ ਪਾੜ ਪੈਣ ਦਾ ਖ਼ਤਰਾ ਬਣ ਗਿਆ ਹੈ, ਜਿਸ ਕਾਰਨ ਫ਼ੌਜ ਸੱਦਣੀ ਪਈ ਹੈ।
ਪੰਜਾਬ ਸਰਕਾਰ ਲਈ ਹੁਣ ਘੱਗਰ ਤੇ ਸਤਲੁਜ ਪ੍ਰੀਖਿਆ ਵਾਂਗ ਹਨ। ਇਸੇ ਤਰ੍ਹਾਂ ਮੁੜ ਬਾਰਸ਼ ਪੈਣ ਕਾਰਨ ਰਾਵੀ ਦਰਿਆ ਦਾ ਪਾਣੀ ਵੀ ਮੁੜ ਡਰਾਉਣ ਲੱਗ ਪਿਆ ਹੈ। ਇਹ ਫ਼ਿਕਰ ਵਾਲੀ ਗੱਲ ਹੈ ਕਿ ਰਾਵੀ ਦਰਿਆ ਦੇ ਕਈ ਬੰਨ੍ਹ ਪਾਣੀ ‘ਚ ਰੁੜ੍ਹ ਗਏ ਹਨ ਅਤੇ ਇਸ ਵੇਲੇ ਪੌਣੇ ਦੋ ਲੱਖ ਕਿਊਸਕ ਪਾਣੀ ਰਾਵੀ ਵਿਚ ਵਹਿ ਰਿਹਾ ਹੈ। ਅਜਨਾਲਾ ਨੇੜਲੇ ਸੱਕੀ ਨਾਲੇ ਦਾ ਪਾਣੀ ਹੁਣ ਅੱਗੇ ਨਿਕਲਣ ਕਰਕੇ ਇਲਾਕੇ ‘ਚ ਪਾਣੀ ਦਾ ਫਲੋਅ ਘਟਿਆ ਹੈ। ਹੜ੍ਹਾਂ ਦੀ ਕਰੋਪੀ ਦਾ ਸਭ ਤੋਂ ਵੱਧ ਸਾਹਮਣਾ ਪਠਾਨਕੋਟ, ਡੇਰਾ ਬਾਬਾ ਨਾਨਕ ਅਤੇ ਅਜਨਾਲਾ ਨੂੰ ਕਰਨਾ ਪਿਆ ਹੈ। ਫ਼ਾਜ਼ਿਲਕਾ ਦੇ ਦਰਜਨ ਪਿੰਡ ਸਤਲੁਜ ਦਰਿਆ ਤੇ ਪਿੰਡ ਕਾਵਾਂਵਾਲੀ ਕੋਲ ਪੁਲ ਓਵਰਫਲੋਅ ਹੋ ਗਿਆ ਹੈ, ਜਿਸ ਨਾਲ ਦਰਜਨਾਂ ਪਿੰਡਾਂ ਦਾ ਸੰਪਰਕ ਪੰਜ-ਛੇ ਦਿਨਾਂ ਤੋਂ ਕੱਟਿਆ ਹੋਇਆ ਹੈ। ਰਣਜੀਤ ਸਾਗਰ ਡੈਮ ‘ਚੋਂ ਵੀ ਪਾਣੀ ਸੰਜਮ ਨਾਲ ਹੀ 42,089 ਕਿਊਸਕ ਛੱਡਿਆ ਜਾ ਰਿਹਾ ਹੈ। ਬੀ.ਬੀ.ਐੱਮ.ਬੀ. ਨਵੇਂ ਹਾਲਾਤ ‘ਚ ਮੁੜ ਮੀਟਿੰਗ ਬੁਲਾ ਸਕਦਾ ਹੈ। ਸਮੁੱਚੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਿਆਸੀ ਧਿਰਾਂ ਤੋਂ ਇਲਾਵਾ ਆਮ ਲੋਕਾਂ ਅਤੇ ਸਮਾਜ ਸੇਵੀਆਂ ਵੱਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ। ਫ਼ੌਜ, ਐੱਨ.ਡੀ.ਆਰ.ਐੱਫ. ਅਤੇ ਪੁਲਿਸ ਦੀਆਂ ਟੀਮਾਂ ਵੀ ਰਾਹਤ ਕੰਮਾਂ ‘ਚ ਜੁੱਟੀਆਂ ਹੋਈਆਂ ਹਨ।
ਮੁੱਖ ਸਕੱਤਰ ਨੇ ਹੰਗਾਮੀ ਹਾਲਾਤ ‘ਚ ਡੀਸੀਜ਼ ਨੂੰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ
ਪੰਜਾਬ ਸਰਕਾਰ ਨੇ ਪੂਰੇ ਸੂਬੇ ਦੇ ਹੜ੍ਹ ਦੀ ਮਾਰ ਹੇਠ ਆਉਣ ਮਗਰੋਂ ਆਫ਼ਤ ਪ੍ਰਬੰਧਨ ਐਕਟ, 2025 ਤਹਿਤ ਐਮਰਜੈਂਸੀ ਪ੍ਰਕਿਰਿਆਵਾਂ ਨੂੰ ਸਰਗਰਮ ਕਰ ਦਿੱਤਾ ਹੈ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਜਾਰੀ ਕੀਤੇ ਗਏ ਹੁਕਮ ਵਿਚ ਡਿਪਟੀ ਕਮਿਸ਼ਨਰਾਂ ਨੂੰ ਕਿਸੇ ਵੀ ਖ਼ਤਰਨਾਕ ਆਫ਼ਤ ਦੀ ਸਥਿਤੀ ਵਿਚ ਆਪਣੇ ਆਪ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪੀ.ਡਬਲਯੂ.ਡੀ., ਜਲ ਸਰੋਤ ਅਤੇ ਬਿਜਲੀ ਵਿਭਾਗਾਂ ਨੂੰ ਜੰਗੀ ਪੱਧਰ ‘ਤੇ ਮੁਰੰਮਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਨੰਗਲ ਡੈਮ ਦੇ 26 ਫਲੱਡ ਗੇਟ ਖੋਲ੍ਹੇ
ਭਾਖੜਾ ਡੈਮ ਵਿੱਚ ਲਗਾਤਾਰ ਵਧ ਰਹੇ ਪਾਣੀ ਨੂੰ ਲੈ ਕੇ ਬੀ.ਬੀ.ਐੱਮ.ਬੀ. ਵਿਭਾਗ ਨੇ ਨੰਗਲ ਡੈਮ ਦੇ 26 ਫਲੱਡ ਗੇਟ ਖੋਲ੍ਹ ਕੇ ਸਤਲੁਜ ਦਰਿਆ ਵਿਚ 51 ਹਜ਼ਾਰ ਕਿਊਸਕ ਪਾਣੀ ਛੱਡਿਆ, ਜਿਸ ਨਾਲ ਦਰਿਆ ਨੇ ਵਿਰਾਟ ਰੂਪ ਧਾਰਨ ਕਰ ਲਿਆ। ਸ੍ਰੀ ਆਨੰਦਪੁਰ ਹਾਈਡਲ ਚੈਨਲ ਨਹਿਰ ਵਿਚ ਮਹਿਜ਼ 4000 ਕਿਊਸਕ ਪਾਣੀ ਛੱਡਿਆ ਗਿਆ ਹੈ। ਇਹ ਨਹਿਰ ਕਈ ਥਾਵਾਂ ਤੋਂ ਪਾੜ ਪੈਣ ਕਾਰਨ ਬੰਦ ਕਰ ਦਿੱਤੀ ਗਈ ਸੀ। ਭਾਖੜਾ ਨਹਿਰ ਵਿਚ 9000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1674.72 ਰਿਕਾਰਡ ਕੀਤਾ ਗਿਆ। ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਬੇਲਾ ਧਿਆਨੀ, ਬੇਲਾ ਰਾਮਗੜ੍ਹ, ਬੇਲਾ ਸ਼ਿਵ ਸਿੰਘ, ਪੱਤੀ ਟੇਕ ਸਿੰਘ, ਹਰਸਾ ਬੇਲਾ ਸਮੇਤ ਦਰਜਨ ਪਿੰਡ ਪਾਣੀ ਦੀ ਮਾਰ ਹੇਠ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਪਿੰਡਾਂ ਦਾ ਇਲਾਕੇ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਲੋਕਾਂ ਦੀ ਸਹਾਇਤਾ ਲਈ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ ਅਤੇ ਡੀ.ਸੀ. ਵਰਜੀਤ ਵਾਲੀਆ ਵੱਲੋਂ ਪੂਰੇ ਖੇਤਰ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਲਾਕੇ ਦੇ ਨਾਮਵਾਰ ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਨੇ ਆਪਣੀ 10 ਮੈਂਬਰਾਂ ਦੀ ਟੀਮ ਨਾਲ ਲਗਪਗ 15 ਪਿੰਡਾਂ ਦਾ ਮੁਆਇਨਾ ਕੀਤਾ ਅਤੇ ਕਿਸ਼ਤੀ ਰਾਹੀਂ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਮੰਤਰੀ ਅਤੇ ਸਥਾਨਕ ਵਿਧਾਇਕ ਹਰਜੋਤ ਸਿੰਘ ਬੈਂਸ ਪੀੜਤ ਲੋਕਾਂ ਨਾਲ ਡਟ ਕੇ ਖੜ੍ਹੇ ਹਨ।