#OTHERS

ਸਪੇਨ ‘ਚ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲੱਗੇਗੀ

ਦੁਬਈ, 5 ਫਰਵਰੀ (ਪੰਜਾਬ ਮੇਲ)- ਸਪੇਨ ਦੇ ਪ੍ਰਧਾਨ ਮੰਤਰੀ ਪੈਦਰੋ ਸਾਂਚੇਜ਼ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਕਦਮ ਨੂੰ ਅਗਲੇ ਹਫ਼ਤੇ ਸਪੇਨ ਦੇ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣ ਦੀ ਆਸ ਹੈ ਅਤੇ ਇਹ ਸੰਸਦ ਵਿਚ ਵਿਚਾਰ ਅਧੀਨ ਮੌਜੂਦਾ ਬਿੱਲ ਦੇ ਖਰੜੇ ਵਿਚ ਸੋਧ ਕਰੇਗਾ। ਰਿਪੋਰਟ ਅਨੁਸਾਰ, ਉਨ੍ਹਾਂ ਨੇ ਇਹ ਕਦਮ ਆਨਲਾਈਨ ਸੁਰੱਖਿਆ ਅਤੇ ਨੁਕਸਾਨਦੇਹ ਡਿਜੀਟਲ ਸਮੱਗਰੀ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਹੈ।
ਦੁਬਈ ਵਿਚ ‘ਵਿਸ਼ਵ ਸਰਕਾਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਪੈਦਰੋ ਸਾਂਚੇਜ਼ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਲਈ ਇਸ ਪਾਬੰਦੀ ਨੂੰ ਲਾਗੂ ਕਰਨ ਵਾਸਤੇ ਉਮਰ ਦੀ ਪੁਸ਼ਟੀ ਕਰਨ ਵਾਲੀ ਮਜ਼ਬੂਤ ਪ੍ਰਣਾਲੀ ਪੇਸ਼ ਕਰਨੀ ਲਾਜ਼ਮੀ ਹੋਵੇਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਲੈਟਫਾਰਮਾਂ ਨੂੰ ਉਮਰ ਦੀ ਪੁਸ਼ਟੀ ਕਰਨ ਵਾਲੀਆਂ ਪ੍ਰਣਾਲੀਆਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਹੋਵੇਗੀ। ਮੌਜੂਦਾ ਸਮੇਂ ਵਿਚ ਬੱਚੇ ਅਜਿਹੇ ਡਿਜੀਟਲ ਮਾਹੌਲ ਦੇ ਸੰਪਰਕ ਵਿਚ ਹਨ, ਜਿੱਥੇ ਉਨ੍ਹਾਂ ਨੂੰ ਇਕੱਲੇ ਨਹੀਂ ਵਿਚਰਨਾ ਚਾਹੀਦਾ। ਇਹ ਕਦਮ ਸਪੇਨ ਵਿਚ ਡਿਜੀਟਲ ਸੁਧਾਰਾਂ ਅਤੇ ਬੱਚਿਆਂ ਦੀ ਸੁਰੱਖਿਆ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਖ਼ਬਰ ਅਨੁਸਾਰ, ਮੌਜੂਦਾ ਕਾਨੂੰਨ ਭਾਵੇਂ ਪਹਿਲਾਂ ਹੀ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਗਾਹਕਾਂ ਤੱਕ ਸੋਸ਼ਲ ਮੀਡੀਆ ਦੀ ਪਹੁੰਚ ਸੀਮਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਸੋਧੀ ਹੋਈ ਤਜਵੀਜ਼ ਵਿਚ ਨਾਬਾਲਗਾਂ ਦੇ ਅਜਿਹੇ ਪਲੈਟਫਾਰਮਾਂ ‘ਤੇ ਰਜਿਸਟਰ ਕਰਨ ‘ਤੇ ਪਾਬੰਦੀ ਲਗਾਈ ਜਾਵੇਗੀ।