#AMERICA

ਸਟਾਕਟਨ ‘ਚ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕਤਲ

ਨਿਊਯਾਰਕ, 24 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਸਟੇਟ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿਚ ਸੋਮਵਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਨਸ਼ਾ ਤਸਕਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਸੁਨੀਲ ਯਾਦਵ ਵਜੋਂ ਹੋਈ ਹੈ। ਉਹ ਰਾਹੁਲ ਦੇ ਨਾਂ ਨਾਲ ਫਰਜ਼ੀ ਪਾਸਪੋਰਟ ‘ਤੇ 2 ਸਾਲਾਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ। ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੀ ਅਗਵਾਈ ਵਾਲੇ ਵਿਰੋਧੀ ਗੈਂਗ ਨੇ ਯਾਦਵ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਅਮਰੀਕਾ ਤੋਂ ਪਹਿਲਾਂ, ਯਾਦਵ ਦੁਬਈ ਵਿਚ ਸਰਗਰਮ ਸੀ ਅਤੇ ਅੰਤਰਰਾਸ਼ਟਰੀ ਡਰੱਗ ਵਪਾਰ ਵਿਚ ਇੱਕ ਪ੍ਰਮੁੱਖ ਸਮੱਗਲਰ ਸੀ। ਰਾਜਸਥਾਨ ਪੁਲਿਸ ਨੇ ਇਸ ਤੋਂ ਪਹਿਲਾਂ ਯਾਦਵ ਦੇ ਇੱਕ ਸਾਥੀ ਨੂੰ ਦੁਬਈ ਵਿਚ ਸਥਾਨਕ ਏਜੰਸੀਆਂ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਸੀ। ਉਸ ਦੇ ਖਿਲਾਫ ਹਾਲ ਹੀ ‘ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਇੱਕ ਫੇਸਬੁੱਕ ਪੋਸਟ ਵਿਚ ਗੋਦਾਰਾ ਅਤੇ ਬਰਾੜ ਗੈਂਗ ਨੇ ਦੋਸ਼ ਲਾਇਆ ਕਿ ਯਾਦਵ ਨੇ ਪੰਜਾਬ ਪੁਲਿਸ ਨਾਲ ਮੁਕਾਬਲੇ ਦੌਰਾਨ ਅੰਕਿਤ ਭਾਦੂ ਦੀ ਮੌਤ ਵਿਚ ਭੂਮਿਕਾ ਨਿਭਾਈ ਸੀ। ਗੈਂਗ ਨੇ ਯਾਦਵ ‘ਤੇ ਜਾਸੂਸੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਗੈਂਗ ਨੇ ਯਾਦਵ ‘ਤੇ ਅਮਰੀਕਾ ‘ਚ ਆਪਣੇ ਮੈਂਬਰਾਂ ਦੀ ਜਾਸੂਸੀ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਸਮੂਹ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਝੂਠਾ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਖੁਫੀਆ ਏਜੰਸੀ ਅਤੇ ਪੁਲਿਸ ਦੁਆਰਾ ਭਰਤੀ ਕੀਤਾ ਗਿਆ ਸੀ। ਪੋਸਟ ਵਿਚ ਲਿਖਿਆ ਹੈ, ‘ਉਹ ਸਾਡੇ ਗਰੁੱਪ ਦਾ ਹਿੱਸਾ ਹੋਣ ਦਾ ਦਾਅਵਾ ਕਰਕੇ ਪੁਲਿਸ ਨੂੰ ਸਾਡੇ ਭਰਾਵਾਂ ਬਾਰੇ ਸੂਚਿਤ ਕਰਦਾ ਸੀ।’