#AMERICA

ਸ. ਰਾਜ ਸਿੰਘ ਬਦੇਸਾ ਨੇ ਅਮਰੀਕਾ ਦੇ ਪਹਿਲੇ ਅੰਮ੍ਰਿਤਧਾਰੀ ਜੱਜ ਬਣ ਸਿਰਜਿਆ ਇਤਿਹਾਸ

ਫਰਿਜ਼ਨੋ ਸਿਟੀ ਹਾਲ ਵਿਚ ਚੁੱਕੀ ਸਹੁੰ
ਫਰਿਜ਼ਨੋ, 17 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਸਾਬਕਾ ਸਹਾਇਕ ਸਿਟੀ ਅਟਾਰਨੀ ਸ. ਰਾਜ ਸਿੰਘ ਬਦੇਸਾ ਨੇ ਬੀਤੇ ਦਿਨੀਂ ਬਤੌਰ ਕਾਉਟੀਂ ਜੱਜ ਸਹੁੰ ਚੁੱਕੀ। ਇਨ੍ਹਾਂ ਨੂੰ ਹੁਣ ਕਾਨੂੰਨੀ ਤੌਰ ‘ਤੇ ਫਰਿਜ਼ਨੋ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆਂ ਹੈ। ਇਸ ਸਮੇਂ ਸਹੁੰ ਚੁੱਕਣ ਦੇ ਰਸਮੀ ਸਮਾਗਮ ਵਿਚ ਸ਼ਹਿਰ ਦੇ ਨਿਆਂ ਅਤੇ ਪ੍ਰਬੰਧਕ ਅਧਿਕਾਰੀਆਂ ਸਮੇਤ ਬਹੁਤ ਸਾਰੀਆਂ ਸਥਾਨਕ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਸ. ਰਾਜ ਸਿੰਘ ਬਦੇਸਾ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿਚ ਸਿਟੀ ਹਾਲ ਤੋਂ ਸਿੱਧਾ ਫਰਿਜ਼ਨੋ ਕਾਉਂਟੀ ਬੈਂਚ ਵਿਚ ਜਾਣ ਵਾਲਾ ਪਹਿਲਾ ਵਿਅਕਤੀ ਹੈ, ਜਿਸ ਦੀ ਉੱਚ ਸਿੱਖਿਆ, ਲਗਨ, ਇਮਾਨਦਾਰੀ, ਮਿਹਨਤ ਅਤੇ ਭਾਈਚਾਰਕ ਸਾਂਝ  ਮਾਣ ਬਣੀ। ਇਸ ਸਮਾਗਮ ਦੌਰਾਨ ਪੰਜਾਬੀ ਭਾਈਚਾਰੇ ਦੀ ਵੱਡੀ ਮੌਜ਼ੂਦਗੀ ਰਹੀ।
ਪੰਜਾਬੀ ਅਤੇ ਖਾਸਕਰ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ ਗੁਰਸਿੱਖ, ਅੰਮ੍ਰਿਤਧਾਰੀ ਅਤੇ ਦਸਤਾਰਧਾਰੀ ਰਾਜ ਸਿੰਘ ਬਦੇਸਾਂ ਨੂੰ ਕੈਲੀਫੋਰਨੀਆ ਦੀ ਫਰਿਜ਼ਨੋ ਕਾਉਂਟੀ ਤੋਂ ਸੁਪੀਰੀਅਰ ਕੋਰਟ ਦੇ ਜੱਜ ਨਿਯੁਕਤ ਕੀਤਾ ਗਿਆ ਹੈ। ਇਸ ਜੱਜ ਦੇ ਅਹੁਦੇ ਦੀ ਨਿਯੁਕਤੀ ਦਾ ਹਾਜ਼ਰ ਭਾਈਚਾਰੇ ਨੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਬੁਲਾਉਂਦੇ ਹੋਏ ਸਵਾਗਤ ਕੀਤਾ। ਸ. ਰਾਜ ਸਿੰਘ ਬਦੇਸਾ ਆਪਣੇ ਪੂਰੇ ਸਿੱਖੀ ਸਰੂਪ ਵਿਚ ਬਤੌਰ ਜੱਜ ਸੇਵਾਵਾਂ ਕਰਨਗੇ। ਇੱਥੇ ਇਹ ਗੱਲ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਹੈ ਕਿ ਰਾਜ ਸਿੰਘ ਬਦੇਸਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਪਹਿਲੇ ਸਿੱਖ ਸੁਪੀਰੀਅਰ ਕੋਰਟ ਦੇ ਜੱਜ ਬਣੇ ਹਨ।
ਸ. ਰਾਜ ਸਿੰਘ ਬਦੇਸਾ ਪਿਛੋਕੜ ਤੋਂ ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਦੇ ਪਿੰਡ ਚੌਕੀਮਾਨ ਤੋਂ ਸਵ. ਸ. ਸੋਹਣ ਸਿੰਘ ਬਦੇਸਾ ਅਤੇ ਬੀਬੀ ਬਲਵਿੰਦਰ ਕੌਰ ਦੇ ਹੋਣਹਾਰ ਪੁੱਤਰ ਹਨ। ਜਿੱਥੇ ਪੰਜਾਬ ਤੋਂ ਕੈਲੀਫੋਰਨੀਆ ਆ ਆਪਣੀ ਸਖਤ ਮਿਹਨਤ ਨਾਲ ਮਾਂ-ਬਾਪ ਨੇ ਬੱਚਿਆਂ ਨੂੰ ਉੱਚ ਸਿੱਖਿਆ ਦਿੱਤੀ, ਉੱਥੇ ਉਨ੍ਹਾਂ ਨੂੰ ਧਾਰਮਿਕ ਮਰਿਯਾਦਾ ਅਤੇ ਗੁਰਸਿੱਖੀ ਨਾਲ ਵੀ ਜੋੜਿਆ। ਸ. ਰਾਜ ਸਿੰਘ ਬਦੇਸਾ ਦੀ ਮਾਤਾ ਬਲਵਿੰਦਰ ਕੌਰ ਬਦੇਸ਼ਾ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਮੂਹ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਬੜੀ ਭਾਵੁਕਤਾ ਨਾਲ ਕੀਤਾ ਗਿਆ। ਸ. ਰਾਜ ਬਦੇਸਾ ਆਪਣੇ ਸਕੂਲ ਤੋਂ ਹੁਣ ਤੱਕ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਅਤੇ ਪ੍ਰੇਰਨ ਵਾਲੇ ਸਮਾਗਮਾਂ ਵਿਚ ਸੇਵਾਵਾ ਨਿਭਾਉਂਦਾ ਰਿਹਾ ਹੈ, ਜਿਸ ਨੇ ਇੱਥੋਂ ਦੀ ਨੌਜਵਾਨ ਪੀੜ੍ਹੀ ਲਈ ਇਹ ਉਦਾਹਰਨ ਕਾਇਮ ਕਰ ਦਿੱਤੀ ਕਿ ਤੁਸੀਂ ਆਪਣੇ ਸੰਪੂਰਨ ਗੁਰਸਿੱਖੀ ਜੀਵਨ ਵਿਚ ਰਹਿੰਦੇ ਹੋਏ ਵਿਦੇਸ਼ਾਂ ਵਿਚ ਆਪਣੇ ਕਿਸੇ ਵੀ ਉੱਚੇ ਮੁਕਾਮ ‘ਤੇ ਪਹੁੰਚ ਸਕਦੇ ਹੋ।