#PUNJAB

ਵੋਟਿੰਗ ਦੌਰਾਨ ਲੜਾਈ-ਝਗੜਾ ਹੋਣ ਮਗਰੋਂ ਚੱਲੀ ਗੋਲੀ; ਚੋਣਾਂ ਹੋਈਆਂ ਰੱਦ

ਮੋਗਾ, 16 ਅਕਤੂਬਰ (ਪੰਜਾਬ ਮੇਲ)- ਇਕ ਪਾਸੇ ਜਿੱਥੇ ਪੂਰੇ ਪੰਜਾਬ ‘ਚ ਚੋਣਾਂ ਦੀ ਗਿਣਤੀ ਮੁਕੰਮਲ ਹੋਣ ਮਗਰੋਂ ਜਿੱਤੇ ਹੋਏ ਉਮੀਦਵਾਰਾਂ ਦੇ ਘਰ ਖੁਸ਼ੀ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਪੰਜਾਬ ਦੇ ਕਈ ਪਿੰਡ ਅਜਿਹੇ ਵੀ ਹਨ, ਜਿੱਥੇ ਵੋਟਿੰਗ ਦੌਰਾਨ ਹਾਲਾਤ ਖ਼ਰਾਬ ਹੋਣ ਕਾਰਨ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਨੇੜਲੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਵੋਟਿੰਗ ਦੌਰਾਨ ਪਿੰਡ ‘ਚ ਲੜਾਈ ਝਗੜਾ ਤੇ ਫਾਇਰਿੰਗ ਹੋਣ ਮਗਰੋਂ ਮਾਹੌਲ ਖ਼ਰਾਬ ਹੋ ਗਿਆ ਸੀ ਤੇ ਹੁਣ ਉੱਥੇ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਹਾਲਾਂਕਿ ਹਾਲੇ ਨਵੀਆਂ ਤਰੀਕਾਂ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ, ਪਰ ਹੁਣ ਇੱਥੇ ਮੁੜ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ, ਇਸ ਬਾਰੇ ਜਲਦੀ ਹੀ ਐਲਾਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੋਗਾ ਦੇ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਵੋਟਿੰਗ ਦੌਰਾਨ ਲੜਾਈ ਝਗੜੇ ਮਗਰੋਂ ਗੋਲੀ ਚੱਲ ਗਈ ਸੀ, ਜਿਸ ਤੋਂ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਉਹ ਆਪਣੀ ਜਾਨ ਬਚਾਉਂਦੇ ਹੋਏ ਇੱਧਰ-ਉੱਧਰ ਭੱਜਣ ਲੱਗੇ। ਇਸ ਮਗਰੋਂ ਬਚ-ਬਚਾਅ ਲਈ ਪੁਲਿਸ ਨੂੰ ਸੱਦਣਾ ਪਿਆ ਸੀ।