ਵੋਟਰ ਕਾਰਡਾਂ ਦੀ ਡਿਲੀਵਰੀ ਯਕੀਨੀ ਬਣਾਉਣ ਲਈ ਨਵੀਂ ਪ੍ਰਕਿਰਿਆ ਸ਼ੁਰੂ
ਨਵੀਂ ਦਿੱਲੀ, 19 ਜੂਨ (ਪੰਜਾਬ ਮੇਲ)-ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਵੋਟਰ ਸ਼ਨਾਖਤੀ ਕਾਰਡ ਹੁਣ 15 ਦਿਨਾਂ ‘ਚ ਵੋਟਰਾਂ ਨੂੰ ਮਿਲਣਗੇ, ਜਿਸ ਨਾਲ ਇਸ ਵਿਚ ਲੱਗਣ ਵਾਲਾ ਸਮਾਂ ਘਟ ਕੇ ਲਗਭਗ ਅੱਧਾ ਰਹਿ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਵੋਟਰਾਂ ਤੱਕ ਵੋਟਰ ਫੋਟੋ ਸ਼ਨਾਖਤੀ ਕਾਰਡ (ਈ.ਪੀ.ਆਈ.ਸੀ.) ਪਹੁੰਚਾਉਣ ‘ਚ ਇਕ ਮਹੀਨੇ ਤੋਂ ਥੋੜ੍ਹਾ ਵੱਧ ਸਮਾਂ ਲੱਗਦਾ ਰਿਹਾ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਦੀ ਨਵੀਂ ਰਜਿਸਟਰੇਸ਼ਨ ਜਾਂ ਮੌਜੂਦਾ ਵੋਟਰ ਦੇ ਵੇਰਵਿਆਂ ‘ਚ ਤਬਦੀਲੀ ਦੇ 15 ਦਿਨਾਂ ਦੇ ਅੰਦਰ ਉਨ੍ਹਾਂ ਦੇ ਵੋਟਰ ਕਾਰਡਾਂ ਦੀ ਡਿਲਿਵਰੀ ਯਕੀਨੀ ਬਣਾਉਣ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਚੋਣ ਕਮਿਸ਼ਨ ਨੇ ਕਿਹਾ ਕਿ ਨਵੀਂ ਪ੍ਰਣਾਲੀ ਚੋਣ ਰਜਿਸਟਰੇਸ਼ਨ ਅਧਿਕਾਰੀ (ਈ.ਆਰ.ਓ.) ਵੱਲੋਂ ਈ.ਪੀ.ਆਈ.ਸੀ. ਬਣਾਉਣ ਤੋਂ ਲੈ ਕੇ ਡਾਕ ਵਿਭਾਗ (ਡੀ.ਓ.ਪੀ.) ਰਾਹੀਂ ਵੋਟਰਾਂ ਨੂੰ ਕਾਰਡ ਮੁਹੱਈਆ ਕਰਵਾਉਣ ਤੱਕ ਹਰ ਪੜਾਅ ਦੀ ਟਰੈਕਿੰਗ ਯਕੀਨੀ ਬਣਾਏਗੀ। ਕਮਿਸ਼ਨ ਮੁਤਾਬਕ ਵੋਟਰਾਂ ਨੂੰ ਹਰ ਪੜਾਅ ਤੇ ਐੱਸ.ਐੱਮ.ਐੱਸ. ਰਾਹੀਂ ਨੋਟੀਫਿਕੇਸ਼ਨ ਵੀ ਮਿਲਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੇ ਈ.ਪੀ.ਆਈ.ਸੀ. ਦੀ ਸਥਿਤੀ ਬਾਰੇ ਜਾਣਕਾਰੀ ਮਿਲਦੀ ਰਹੇਗੀ। ਇਸ ਮਕਸਦ ਲਈ ਚੋਣ ਕਮਿਸ਼ਨ ਨੇ ਹਾਲ ਹੀ ‘ਚ ਲਾਂਚ ਕੀਤੇ ਆਪਣੇ ਈ.ਸੀ.ਆਈ. ਨੈੱਟ ਪਲੇਟਫਾਰਮ ‘ਤੇ ਆਈ.ਟੀ. ਮਾਡਿਊਲ ਸ਼ੁਰੂ ਕੀਤਾ ਹੈ।
ਵੋਟਰਾਂ ਨੂੰ 15 ਦਿਨਾਂ ‘ਚ ਮਿਲਣਗੇ ਸ਼ਨਾਖਤੀ ਕਾਰਡ : ਚੋਣ ਕਮਿਸ਼ਨ
