ਟਰੰਪ ਵੱਲੋਂ ਦਾਅਵਾ; ‘ਨੋਬਲ ਜੇਤੂ ਨੇ ਫੋਨ ਕਰਕੇ ਕਿਹਾ ਕਿ ਵੈਨੇਜ਼ੁਏਲਾ ਦੇ ਸੰਕਟ ਦੌਰਾਨ ਮਦਦ ਕਰਨ ਲਈ ‘ਉਨ੍ਹਾਂ ਦੇ ਸਨਮਾਨ ਵਿਚ’ ਪੁਰਸਕਾਰ ਸਵੀਕਾਰਿਆ’
ਵਾਸ਼ਿੰਗਟਨ, 11 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਨਾ ਜਿੱਤਣ ‘ਤੇ ਪ੍ਰਤੀਕਿਰਿਆ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਰਸਕਾਰ ਜੇਤੂ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਸ਼ਾਡੋ ਨੂੰ ਕਈ ਵਾਰ ਮਦਦ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ‘ਉਨ੍ਹਾਂ ਦੇ ਸਨਮਾਨ ਵਿਚ’ ਪੁਰਸਕਾਰ ਸਵੀਕਾਰ ਕੀਤਾ।
ਟਰੰਪ ਨੇ ਵ੍ਹਾਈਟ ਹਾਊਸ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ, ‘ਮੈਂ ਤੁਹਾਡੇ ਸਨਮਾਨ ਵਿਚ ਇਹ ਸਵੀਕਾਰ ਕਰ ਰਹੀ ਹਾਂ ਕਿਉਂਕਿ ਤੁਸੀਂ ਸੱਚਮੁੱਚ ਇਸ ਦੇ ਹੱਕਦਾਰ ਸੀ’.. ਹਾਲਾਂਕਿ, ਮੈਂ ਇਹ ਨਹੀਂ ਕਿਹਾ, ‘ਇਹ ਮੈਨੂੰ ਦਿਓ’। ਮੈਂ ਲੰਬੇ ਸਮੇਂ ਤੋਂ ਉਸ ਦੀ ਮਦਦ ਕਰ ਰਿਹਾ ਹਾਂ। ਉਨ੍ਹਾਂ ਨੂੰ ਆਫ਼ਤ ਦੌਰਾਨ ਵੈਨੇਜ਼ੁਏਲਾ ਵਿਚ ਬਹੁਤ ਮਦਦ ਦੀ ਲੋੜ ਸੀ। ਮੈਂ ਖੁਸ਼ ਹਾਂ ਕਿਉਂਕਿ ਮੈਂ ਲੱਖਾਂ ਜਾਨਾਂ ਬਚਾਈਆਂ।”
ਮਾਰੀਆ ਕੋਰੀਨਾ ਮਸ਼ਾਡੋ ਨੂੰ ਇਹ ਵੱਕਾਰੀ ਪੁਰਸਕਾਰ ਵੈਨੇਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੇ ਅਣਥੱਕ ਯਤਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵਿਚ ਨਿਆਂਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਲਈ ਉਨ੍ਹਾਂ ਦੇ ਸੰਘਰਸ਼ ਲਈ ਦਿੱਤਾ ਗਿਆ ਹੈ।
ਟਰੰਪ ਨੇ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਕੇ ਨੋਬੇਲ ਪੁਰਸਕਾਰ ਦਾ ਦਾਅਵੇਦਾਰ ਬਣਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਯੂਕਰੇਨ ਵਿਚ ਟਕਰਾਅ ਨੂੰ ਆਪਣੇ ਵਿਆਪਕ ਸ਼ਾਂਤੀ ਸਥਾਪਨਾ ਦੇ ਦਾਅਵਿਆਂ ਨਾਲ ਵੀ ਜੋੜਿਆ।
ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ, ”ਮੈਂ ਕਿਹਾ, ‘ਖੈਰ, ਸੱਤ ਹੋਰਾਂ ਬਾਰੇ ਕੀ? ਮੈਨੂੰ ਹਰੇਕ ਲਈ ਇੱਕ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ।’ ਤਾਂ ਉਨ੍ਹਾਂ ਨੇ ਕਿਹਾ, ‘ਪਰ ਜੇ ਤੁਸੀਂ ਰੂਸ ਅਤੇ ਯੂਕਰੇਨ ਨੂੰ ਰੋਕਦੇ ਹੋ ਤਾਂ ਸਰ ਤੁਹਾਨੂੰ ਨੋਬਲ ਮਿਲਣਾ ਚਾਹੀਦਾ ਹੈ’। ਮੈਂ ਕਿਹਾ ਕਿ ਮੈਂ ਸੱਤ ਯੁੱਧ ਰੋਕ ਦਿੱਤੇ ਹਨ। ਇਹ ਇੱਕ ਯੁੱਧ ਹੈ ਅਤੇ ਇਹ ਇੱਕ ਵੱਡਾ ਯੁੱਧ ਹੈ।” ਟਰੰਪ ਨੇ ਉਨ੍ਹਾਂ ਦੇਸ਼ਾਂ ਦੇ ਯੁੱਧਾਂ ਦੀ ਸੂਚੀ ਦਾ ਜ਼ਿਕਰ ਕੀਤਾ, ਜੋ ਉਨ੍ਹਾਂ ਦੀ ਅਗਵਾਈ ਹੇਠ ਰੋਕੇ ਗਏ ਸਨ, ਜਿਸ ਵਿਚ ‘ਅਰਮੀਨੀਆ, ਅਜ਼ਰਬਾਇਜਾਨ, ਕੋਸੋਵੋ ਅਤੇ ਸਰਬੀਆ, ਇਜ਼ਰਾਈਲ ਅਤੇ ਇਰਾਨ, ਮਿਸਰ ਅਤੇ ਇਥੋਪੀਆ, ਰਵਾਂਡਾ ਅਤੇ ਕਾਂਗੋ’ ਸ਼ਾਮਲ ਹਨ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀਰਵਾਰ ਨੂੰ ਕਿਹਾ ਸੀ ਕਿ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। ਐਕਸ ‘ਤੇ ਇੱਕ ਪੋਸਟ ਵਿਚ ਉਨ੍ਹਾਂ ਲਿਖਿਆ, ”@realDonaldTrump ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿਓ – ਉਹ ਇਸ ਦੇ ਹੱਕਦਾਰ ਹਨ!”
ਨੌਰਵੇ ਦੀ ਨੋਬਲ ਕਮੇਟੀ ਨੇ ਮਾਰੀਆ ਕੋਰੀਨਾ ਮਸ਼ਾਡੋ ਨੂੰ ‘ਸ਼ਾਂਤੀ ਦੀ ਬਹਾਦਰ ਅਤੇ ਵਚਨਬੱਧ ਚੈਂਪੀਅਨ’ ਦੱਸਿਆ ਅਤੇ ਕਿਹਾ ਕਿ ਇਹ ਪੁਰਸਕਾਰ ਇੱਕ ‘ਔਰਤ ਨੂੰ ਦਿੱਤਾ ਗਿਆ ਹੈ, ਜੋ ਵਧਦੇ ਹਨੇਰੇ ਵਿਚ ਲੋਕਤੰਤਰ ਦੀ ਲਾਟ ਨੂੰ ਬਲਦੀ ਰੱਖਦੀ ਹੈ।’
ਕਮੇਟੀ ਨੇ ਕਿਹਾ, ”ਲੋਕਤੰਤਰ ਸਥਾਈ ਸ਼ਾਂਤੀ ਲਈ ਇੱਕ ਪੂਰਵ ਸ਼ਰਤ ਹੈ। ਹਾਲਾਂਕਿ, ਅਸੀਂ ਇੱਕ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ, ਜਿੱਥੇ ਲੋਕਤੰਤਰ ਪਿੱਛੇ ਹਟ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਨਾਸ਼ਾਹੀ ਸ਼ਾਸਨ ਨਿਯਮਾਂ ਨੂੰ ਚੁਣੌਤੀ ਦੇ ਰਹੇ ਹਨ ਅਤੇ ਹਿੰਸਾ ਦਾ ਸਹਾਰਾ ਲੈ ਰਹੇ ਹਨ। ਮਸ਼ਾਡੋ ਨੇ ਕਈ ਸਾਲਾਂ ਤੋਂ ਵੈਨੇਜ਼ੁਏਲਾ ਦੇ ਲੋਕਾਂ ਦੀ ਆਜ਼ਾਦੀ ਲਈ ਕੰਮ ਕੀਤਾ ਹੈ।”
ਨੋਬਲ ਕਮੇਟੀ ਨੇ ਕਿਹਾ, ”ਸ਼ਾਂਤੀ ਪੁਰਸਕਾਰ ਜੇਤੂ ਮਾਰੀਆ ਕੋਰੀਨਾ ਮਸ਼ਾਡੋ ਨੇ ਦਿਖਾਇਆ ਹੈ ਕਿ ਲੋਕਤੰਤਰ ਦੇ ਸਾਧਨ ਵੀ ਸ਼ਾਂਤੀ ਦੇ ਸਾਧਨ ਹਨ। ਉਹ ਇੱਕ ਵੱਖਰੇ ਭਵਿੱਖ ਦੀ ਉਮੀਦ ਨੂੰ ਦਰਸਾਉਂਦੀ ਹੈ, ਜਿੱਥੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ।”
ਚੋਣ ਕਮੇਟੀ ਨੇ ਕਿਹਾ ਕਿ ਮਸ਼ਾਡੋ ਸ਼ਾਂਤੀ ਪੁਰਸਕਾਰ ਜੇਤੂ ਦੀ ਚੋਣ ਲਈ ਅਲਫਰਡ ਨੋਬਲ ਦੀ ਵਸੀਅਤ ਵਿਚ ਦੱਸੇ ਗਏ ਤਿੰਨੋਂ ਮਾਪਦੰਡਾਂ ਨੂੰ ਪੂਰਾ ਕਰਦੀ ਹੈ।
ਵੈਨੇਜ਼ੁਏਲਾ ਦੀ ਮਸ਼ਾਡੋ ਵੱਲੋਂ ਨੋਬਲ ਪੋਰਸਕਾਰ ਟਰੰਪ ਨੂੰ ਸਮਰਪਿਤ!
