ਵੈਨਕੂਵਰ, 2 ਦਸੰਬਰ (ਪੰਜਾਬ ਮੇਲ)- ਸੰਸਦੀ ਚੋਣਾਂ ਸਮੇਤ ਕੈਨੇਡਿਆਈ ਮਾਮਲਿਆਂ ‘ਚ ਵਿਦੇਸ਼ੀ (ਭਾਰਤੀ) ਦਖਲ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ 5 ਦਸੰਬਰ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਬਰਾਊਨ ਨੂੰ 21 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ, ਪਰ ਮੇਅਰ ਨੇ ਸੱਦੇ ਨੂੰ ਅਣਗੌਲਿਆ ਕਰ ਦਿੱਤਾ ਸੀ। ਨਿਯਮਾਂ ਅਨੁਸਾਰ ਸੰਮਨ ਰਾਹੀਂ ਦਿੱਤਾ ਸੱਦਾ ਪੇਸ਼ੀ ਲਈ ਜ਼ਰੂਰੀ ਹੋ ਜਾਂਦਾ ਹੈ।
ਉਧਰ ਟੋਰੀ ਸੰਸਦ ਮੈਂਬਰ ਰੈਕਲ ਡਾਂਚੋ ਨੇ ਜਾਂਚ ਕਮੇਟੀ ਵਲੋਂ ਮੇਅਰ ਨੂੰ ਸੱਦਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਵਲੋਂ ਮੇਅਰ ਨੂੰ ਪ੍ਰੇਸ਼ਾਨ ਕਰਨ ਦਾ ਢੰਗ ਹੈ। ਇਸ ਦੌਰਾਨ ਲਿਬਰਲ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮੇਅਰ ਨੂੰ ਤਲਬ ਕਰਨਾ ਜਾਂਚ ਅਮਲ ਦਾ ਹਿੱਸਾ ਹੈ। ਚੇਤੇ ਰਹੇ ਕਿ ਦੋ ਸਾਲ ਪਹਿਲਾਂ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਚੁਣੇ ਜਾਣ ਵਾਲੀ ਦੌੜ ਵਿਚ ਪੈਟਰਿਕ ਬਰਾਊਨ ਵੀ ਸ਼ਾਮਲ ਸਨ, ਪਰ ਕੁਝ ਵਿੱਤੀ ਖਾਮੀਆਂ ਕਾਰਨ ਉਨ੍ਹਾਂ ਨੂੰ ਦੌੜ ‘ਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਸੀ। ਮੰਨਿਆ ਜਾਂਦਾ ਹੈ ਕਿ ਬਰੈਂਪਟਨ ਰਹਿੰਦੇ ਭਾਰਤੀ ਭਾਈਚਾਰੇ ਵਿਚ ਬਰਾਊਨ ਦੀ ਮਕਬੂਲੀਅਤ ਕਰਕੇ ਭਾਰਤੀ ਸਿਆਸੀ ਆਗੂਆਂ ਨਾਲ ਵੀ ਉਸ ਦੇ ਨੇੜਲੇ ਸਬੰਧ ਹਨ, ਜਿਸ ਕਰਕੇ ਜਾਂਚ ਕਮੇਟੀ ਉਸ ਤੋਂ ਕੁਝ ਸਵਾਲ ਪੁੱਛਣੇ ਜ਼ਰੂਰੀ ਸਮਝਦੀ ਹੈ।