ਚੰਡੀਗੜ੍ਹ, 8 ਜੂਨ (ਪੰਜਾਬ ਮੇਲ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਦਰਅਸਲ ਚੰਨੀ ਹੁਣ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਲੈ ਕੇ ਵਿਜੀਲੈਂਸ ਦੇ ਰਡਾਰ ‘ਤੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਡੀ.ਜੀ.ਪੀ. ਦਫ਼ਤਰ ਤੋਂ ਚੰਨੀ ਵੱਲੋਂ ਆਪਣੇ ਭਤੀਜੇ ਨੂੰ ਦਿੱਤੀ ਗਈ ਸੁਰੱਖਿਆ ਬਾਰੇ ਜਾਣਕਾਰੀ ਮੰਗੀ ਹੈ। ਇਥੋਂ ਤੱਕ ਉਸ ਨੂੰ ਦਿੱਤੇ ਗਏ ਕਮਾਂਡੋਜ਼ ਅਤੇ ਐਸਕਾਰਟ ਵਾਹਨਾਂ ਦਾ ਪੂਰਾ ਰਿਕਾਰਡ ਵੀ ਮੰਗਿਆ ਹੈ। ਵਿਜੀਲੈਂਸ ਨੇ ਡੀ.ਜੀ.ਪੀ. ਪੰਜਾਬ ਅਤੇ ਡੀ.ਜੀ.ਪੀ. ਸੁਰੱਖਿਆ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਹਨੀ ਨੂੰ ਵੀਆਈਪੀ ਸੁਰੱਖਿਆ ਕਿਸ ਆਧਾਰ ‘ਤੇ ਦਿੱਤੀ ਗਈ ਸੀ? ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋ ਚੁੱਕਾ ਹੈ। ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 3 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਨੀ ਦੇ ਟਿਕਾਣੇ ਤੋਂ ਕਰੀਬ 7.9 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ, ਜਦਕਿ ਉਸ ਦੇ ਸਾਥੀ ਸੰਦੀਪ ਕੁਮਾਰ ਦੇ ਟਿਕਾਣੇ ਤੋਂ ਕਰੀਬ 2 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ।