#AMERICA

ਵਿਕਟੋਰੀਆ ‘ਚ ਰਨਵੇ ਦੀ ਬਜਾਏ ਸੜਕ ‘ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਟੋਟੇ

ਆਸਟਿਨ, 12 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਵਿਕਟੋਰੀਆ ‘ਚ ਇਕ ਛੋਟੇ ਜਹਾਜ਼ ਦੇ ਸੜਕ ‘ਤੇ ਉਤਰਨ ਕਾਰਨ 3 ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 4 ਲੋਕ ਜ਼ਖਮੀ ਹੋ ਗਏ। NBC ਨਿਊਜ਼ ਨੇ ਵੀਰਵਾਰ ਨੂੰ ਸਥਾਨਕ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਸੜਕ ‘ਤੇ ਲੈਂਡਿੰਗ ਤੋਂ ਬਾਅਦ ਜਹਾਜ਼ ਦੇ 2 ਟੁਕੜੇ ਹੋ ਗਏ, ਜਿਸ ਸੜਕ ‘ਤੇ ਮਲਬਾ ਫੈਲ ਗਿਆ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।  ਵਿਕਟੋਰੀਆ ਪੁਲਸ ਵਿਭਾਗ ਦੇ ਉਪ ਪੁਲਸ ਮੁਖੀ ਐਲੀਨ ਮੋਯਾ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਸਥਿਤੀ ਹੋਰ ਖਰਾਬ ਨਹੀਂ ਹੋਈ। ਇਹ ਅਜਿਹੀ ਚੀਜ਼ ਨਹੀਂ ਹੈ ਜੋ ਅਸੀਂ ਹਰ ਰੋਜ਼ ਦੇਖਦੇ ਹਾਂ। ਸਾਨੂੰ ਖੁਸ਼ੀ ਹੈ ਕਿ ਲੋਕ ਠੀਕ ਹਨ।” ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਦੋ-ਇੰਜਣ ਵਾਲਾ ਪਾਈਪਰ ਪੀਏ-31 ਜਹਾਜ਼ ਸੀ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਸਿਰਫ਼ ਪਾਇਲਟ ਹੀ ਮੌਜੂਦ ਸੀ। ਵਿਕਟੋਰੀਆ ਪੁਲਸ ਵਿਭਾਗ ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਨੇ ਵਿਕਟੋਰੀਆ ਖੇਤਰੀ ਹਵਾਈ ਅੱਡੇ ਤੋਂ ਬੁੱਧਵਾਰ ਨੂੰ ਸਵੇਰੇ 9:52 ‘ਤੇ ਉਡਾਨ ਭਰੀ ਸੀ ਅਤੇ ਕਰੈਸ਼ ਹੋਣ ਤੋਂ ਪਹਿਲਾਂ ਲਗਭਗ 5 ਘੰਟੇ ਹਵਾ ਵਿੱਚ ਸੀ।