#PUNJAB

ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂ ‘ਤੇ ਪਤਨੀ ਵੱਲੋਂ 24 ਲੱਖ ਦੀ ਠੱਗੀ

-ਸਹੁਰਾ ਧਿਰ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 10 ਜੂਨ (ਪੰਜਾਬ ਮੇਲ)- ਵਿਦੇਸ਼ ਭੇਜਣ ਦੇ ਨਾਂ ‘ਤੇ ਲਾੜੇ ਅਤੇ ਉਸ ਦੇ ਪਰਿਵਾਰ ਨਾਲ 24 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ‘ਤੇ ਥਾਣਾ ਜਮਾਲਪੁਰ ਪੁਲਿਸ ਨੇ ਪਤਨੀ, ਸਹੁਰੇ ਅਤੇ ਹੋਰਨਾਂ ਮੁਲਜ਼ਮਾਂ ਖਿਲਾਫ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਜਗਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ, ਲੁਧਿਆਣਾ ਨੇ ਪੁਲਸ ਨੂੰ ਦੱਸਿਆ ਕਿ ਹਰਲੀਨ ਕੌਰ ਦਿਓਲ ਨਾਲ ਕਰਵਾਇਆ ਗਿਆ ਵਿਆਹ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ, ਜਿਸ ਦਾ ਮਕਸਦ ਸਿਰਫ ਹਰਲੀਨ ਕੌਰ ਨੂੰ ਵਿਦੇਸ਼ ਭੇਜਣਾ ਅਤੇ ਉਸ ਦਾ ਪੂਰਾ ਖਰਚਾ ਸਾਡੇ ਤੋਂ ਕਰਵਾਉਣਾ ਸੀ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਵਿਆਹ ਤੋਂ ਬਾਅਦ ਹਰਲੀਨ ਨੂੰ ਵਿਦੇਸ਼ ਭੇਜਣ ਲਈ ਜਗਜੋਤ ਸਿੰਘ ਅਤੇ ਉਸ ਦੇ ਪਰਿਵਾਰ ਤੋਂ ਕੁੱਲ 24 ਲੱਖ ਰੁਪਏ ਵਸੂਲੇ ਗਏ। ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਬਾਅਦ ‘ਚ ਹਰਲੀਨ ਕੌਰ ਆਪਣੇ ਪਤੀ ਨੂੰ ਵਿਦੇਸ਼ ਬੁਲਾ ਲਵੇਗੀ ਪਰ ਵਿਦੇਸ਼ ਜਾਣ ਤੋਂ ਬਾਅਦ ਹਰਲੀਨ ਕੌਰ ਅਤੇ ਉਸ ਦੇ ਪਰਿਵਾਰ ਵਾਲੇ ਮੁੱਕਰ ਗਏ ਅਤੇ ਜਗਜੋਤ ਸਿੰਘ ਨੂੰ ਬੁਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ।
ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਹਰਲੀਨ ਕੌਰ ਦਿਓਲ, ਉਸ ਦੇ ਪਿਤਾ ਜਸਪ੍ਰੀਤ ਸਿੰਘ ਅਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਮਾਲਪੁਰ ਪੁਲਿਸ ਦੇ ਐੱਸ.ਐੱਚ.ਓ. ਬਲਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।